BACK
ਸੇਵਾ ਵਿਖੇ,
ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ
ਸ੍ਰੀ ਅੰਮ੍ਰਿਤਸਰ
ਵਿਸ਼ਾ: ਧਾਰਾ 25: ਕੇਵਲ ਸਰਕਾਰ ਨੂੰ ਕਮਿਸ਼ਨ ਦੀ ਸਿਫਾਰਸ਼ ਲਾਗੂ ਕਰਨ ਦੀ ਮੰਗ ਤੇ ਜ਼ੋਰ ਦੇਣ ਦੀ ਲੋੜ
ਸਤਿਕਾਰਯੋਗ ਜਥੇਦਾਰ ਸਾਹਿਬ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ |
ਬੇਨਤੀ ਹੈ ਕਿ ਆਪ ਨੂੰ ਵਿਸਥਾਰ ਪੂਰਵਕ ਪੱਤਰ (ਮਿਤੀ 26-9-2013) ਲਿਖ ਕੇ ਆਪ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਧਾਰਾ 25 ਕਿਵੇਂ ਸਿੱਖ ਧਰਮ ਦੀ ਨਿਆਰੀ ਤੇ ਖੁਦਮੁਖਤਿਆਰ ਹੋਂਦ ਨੂੰ ਖਤਮ ਕਰ ਕੇ ਹਿੰਦੂ ਧਰਮ ਦਾ ਅੰਗ ਕਰਾਰ ਦਿੰਦੀ ਹੈ | ਇਸ ਪੱਤਰ ਤੇ ਇਸ ਤੋਂ ਬਾਅਦ ਲਿਖੇ ਗਏ ਪੱਤਰ ਦੀ ਨਕਲ ਆਪ ਜੀ ਦੀ ਸਹੂਲਤ ਲਈ ਨਾਲ ਨੱਥੀ ਕਰ ਰਹੇ ਹਾਂ |
ਪਹਿਲਾਂ, ਧਾਰਾ 25 ਦੀ ਗੁੰਝਲਦਾਰ ਸ਼ਬਦਾਵਲੀ ਕਰਕੇ ਸਥਿਤੀ ਅਸਪਸ਼ਟ ਸੀ | ਪਰ 8-8-2005 ਨੂੰ ਸੁਪਰੀਮ ਕੋਰਟ ਨੇ ਸਾਫ਼ ਕਹਿ ਦਿੱਤਾ ਸੀ ਕਿ ਸਿੱਖ ਹਿੰਦੂ ਧਰਮ ਦਾ ਅੰਗ ਹਨ | ਕਾਨੂੰਨੀ ਸਪੱਸ਼ਟਤਾ ਲੈਣ ਲਈ ਇਸ ਤੋਂ ਉਚੀ ਕੋਈ ਥਾਂ ਨਹੀਂ |
ਭਾਰਤ ਸਰਕਾਰ ਨੇ ਆਪਣੇ 22-2-2000 ਦੇ ਫੈਸਲੇ ਅਨੁਸਾਰ, ਸੰਵਿਧਾਨ ਵਿੱਚ ਸੋਧਾਂ ਦੀ ਸਿਫਾਰਸ਼ ਕਰਨ ਲਈ ਇਕ ਉੱਚ-ਪੱਧਰੀ ਕਾਨੂੰਨ ਦੇ ਮਾਹਿਰਾਂ ਦੀ 11 ਮੈਂਬਰੀ ਕਮਿਸ਼ਨ ਸੰਗਠਿਤ ਕੀਤਾ ਜਿਸ ਦੀ ਅਗਵਾਈ ਭਾਰਤ ਦੇ ਰਿਟਾਇਰਡ ਚੀਫ ਜਸਟਿਸ ਨੇ ਕੀਤੀ | ਐਸ. ਜੀ. ਪੀ. ਸੀ. ਤੇ ਹੋਰ ਸਿੱਖ ਜਥੇਬੰਦੀਆਂ ਨੇ ਕਮਿਸ਼ਨ ਨੂੰ ਧਾਰਾ 25 ਵਿੱਚ ਸੋਧ ਕਰਨ ਲਈ ਦਲੀਲਾਂ ਪੇਸ਼ ਕੀਤੀਆਂ | ਕਮਿਸ਼ਨ ਨੇ ਸਿੱਖਾਂ ਦੀਆਂ ਦਲੀਲਾਂ ਸਵੀਕਾਰ ਕਰਕੇ, ਧਾਰਾ 25 ਵਿੱਚ ਸੋਧ ਕਰਨ ਲਈ ਭਾਰਤ ਸਰਕਾਰ ਨੂੰ ਸਿਫਾਰਿਸ਼ ਕੀਤੀ | ਇਸ ਸਿਫਾਰਿਸ਼ ਤੇ ਭਾਰਤ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ |
ਕਿਉਂ ਜੋ ਦੇਸ਼ ਦੇ ਕਾਨੂੰਨੀ ਮਾਹਿਰਾਂ ਨੇ ਸਿੱਖਾਂ ਦੀ ਇਸ ਮੰਗ ਦੀ ਪੈਰਵੀ ਕਰ ਦਿੱਤੀ ਹੈ ਇਸ ਕਰਕੇ ਸਿੱਖਾਂ ਨੂੰ ਸਿਰਫ ਭਾਰਤ ਸਰਕਾਰ ਨੂੰ ਧਾਰਾ 25 ਬਾਰੇ ਕਮਿਸ਼ਨ ਦੀ ਸਿਫਾਰਿਸ਼ ਲਾਗੂ ਕਰਨ ਲਈ ਕਹਿਣ ਦੀ ਹੀ ਲੋੜ ਹੈ | ਭਾਰਤ ਤੋਂ ਬਾਹਰ ਪੱਛਮ ਦੇ ਹੋਰਨਾਂ ਧਰਮਾਂ ਦੇ ਵਿਦਵਾਨਾਂ ਤੇ ਵਿਚਾਰਵਾਨਾਂ ਨੇ ਕਾਫੀ ਦੇਰ ਤੋਂ ਇਹ ਰਾਏ ਪ੍ਰਗਟ ਕੀਤੀ ਹੋਈ ਹੈ ਕਿ ਭਾਰਤ ਦੇ ਸੰਵਿਧਾਨ ਦੀ ਧਰਮ ਨਿਰਪੱਖਤਾ ਹਿੰਦੂ ਪੱਖੀ ਹੈ ਅਤੇ ਧਾਰਾ 25(2) (ਬੀ) ਬੁਨਿਆਦੀ ਤੌਰ ਤੇ ਦੇਸ਼ ਦਾ ਧਰਮ ਨਿਰਪੱਖ ਗੁਣ ਹਿੰਦੂਆਂ ਦੇ ਹੱਕ ਵਿੱਚ ਕਰਕੇ ਕਮਜ਼ੋਰ ਕਰਦੀ ਹੈ | ਐਕਸਪਲਾਨੇਸ਼ਨ 2 ੁ(ਧਾਰਾ 25(2)ੀਂ ਭਾਰਤ ਵਿਚਲੇ ਸਿੱਖ, ਬੋਧੀ ਤੇ ਜੈਨਾਂ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨ ਦੀ ਵਿਊਂਤ ਦਰਸਾਉਂਦੀ ਹੈ |
ਧਾਰਾ 25 ਸਮੁੱਚੇ ਸਿੱਖ ਜਗਤ ਦਾ ਧਰਮ ਪਰਿਵਰਤਨ ਕਰਕੇ ਉਨ੍ਹਾਂ ਨੂੰ ਹਿੰਦੂ ਬਣਾਉਂਦੀ ਹੈ | ਇਹ ਸਿੱਖਾਂ ਦੇ ਆਪਣੀ ਮਰਜ਼ੀ ਨਾਲ ਧਰਮ ਅਪਨਾਉਣ ਦੇ ਬੁਨਿਆਦੀ ਹੱਕ ਨੂੰ ਖਤਮ ਕਰਦੀ ਹੈ |
ਧਾਰਾ 25 ਦੀ ਸੋਧ ਨਾਲ ਭਾਰਤੀ ਧਰਮ-ਨਿਰਪੱਖਤਾ ਮਜਬੂਤ ਹੁੰਦੀ ਹੈ ਅਤੇ ਦੇਸ਼ ਦੀ ਅਖੰਡਤਾ ਨੂੰ ਤਾਕਤ ਮਿਲਦੀ ਹੈ | ਇਸ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਨਾ ਹੀ ਹਿੰਦੂ-ਸਿੱਖ ਏਕਤਾ ਨੂੰ ਕੋਈ ਠੇਸ ਪੁੱਜਦੀ ਹੈ | ਗੁਰੂ ਜੀ ਨੇ ਸਾਨੂੰ ਸਭ ਧਰਮਾਂ ਨਾਲ ਪਿਆਰ ਤੇ ਏਕਤਾ ਦਾ ਉਪਦੇਸ਼ ਦਿੱਤਾ ਹੈ |
ਆਪ ਜੀ ਇਹ ਵੀ ਵਿਚਾਰਨ ਦੀ ਕਿਰਪਾ ਕਰੋ ਕਿ ਕੀ ਧਾਰਾ 25 ਸਿੱਖਾਂ ਨੂੰ ਹਿੰਦੂ ਕਰਾਰ ਦੇ ਕੇ ਗੁਰਬਾਣੀ ਦੇ ਉਲਟ ਤਾਂ ਨਹੀਂ ਹੈ ?
ਧਾਰਾ 25 ਦੀ ਸੋਧ ਦਾ ਮਸਲਾ ਨਿਰੋਲ ਇਕ ਧਾਰਮਿਕ ਮਸਲਾ ਹੈ ਤੇ ਇਸ ਨੂੰ ਕੋਈ ਸਿਆਸੀ ਰੰਗਤ ਨਹੀਂ ਲੱਗਣੀ ਚਾਹੀਦੀ | ਇਹ ਇਕ ਸਭ ਤੋਂ ਜ਼ਰੂਰੀ ਅਤੇ ਅਹਿਮ ਮਸਲਾ ਹੈ ਜੋ ਆਪ ਜੀ ਦਾ ਧਿਆਨ ਲੋੜਦਾ ਹੈ | ਸਿੱਖੀ ਦੇ ਬੂਟੇ ਨੂੰ ਗੁਰੂ ਸਾਹਿਬਾਨ ਨੇ ਆਪਣੇ ਖੂਨ ਨਾਲ ਸਿੰਜਿਆ ਹੈ | ਇਸ ਦੀ ਗਲਤ ਰੂਪ ਵਿੱਚ ਪੇਸ਼ ਕਰਨ ਤੋਂ ਰੋਕਣਾ ਆਪਣੇ ਗੁਰੂ ਪ੍ਰਤੀ ਸਾਡਾ ਫਰਜ਼ ਹੈ|
ਆਪ ਸਾਡੇ ਵਿਦਵਾਨਾਂ ਨੂੰ ਜਦੋਂ ਚਾਹੋ ਬੁਲਾ ਕੇ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਤੇ ਜਾਣਕਾਰੀ ਲੈ ਸਕਦੇ ਹੋ |
ਆਦਰ ਸਹਿਤ,
(ਬਰਿੰਦਰਾ ਕੌਰ)
ਪ੍ਰਧਾਨ
©Copyright Institute of Sikh Studies, 2010, All
rights reserved.