BACK
ਸ੍ਰੀ ਗੁਰੂ ਗ੍ਰੰਥ ਸਾਹਿਬ : ਬਣਤਰ ਅਤੇ ਵਿਸ਼ਾ
ਡਾ ਗੁਰਮੇਲਸਿੰਘ*
ਪ੍ਰਸਤਾਵਨ
ਗੁਰਬਾਣੀ, ਬਾਣੀਕਾਰਾਂ ਦੇ ਅਧਿਆਤਮਕ ਅਨੁਭਵ ਦਾ ਕਾਵਿ-ਮਈ ਪ੍ਰਗਟਾਵਾ ਹੈ| ਗੁਰਬਾਣੀ ਦਾ ਸੰਗ੍ਰਹਿਤ ਸੰਸਥਾਗਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿਖ ਧਰਮ ਦਾ ਧਰਮ ਗ੍ਰੰਥ ਹੈ| ਹਥਲੇ ਪਰਚੇ ਦਾ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਤੇ ਇਸ ਦੇ ਵਿਸ਼ੇ ਬਾਰੇ ਮੁਢਲੀ, ਪਰ ਬੁਨਿਆਦੀ ਸਮਝ ਹਾਸਿਲ ਕਰਨ ਦੇ ਜਤਨ ਨਾਲ ਸੰਬੰਧਿਤ ਹੈ|
ਸੰਕਲਨ
ਬਾਣੀ ਉਚਾਰਨ, ਸੰਭਾਲਣ ਤੇ ਸੰਗ੍ਰਹਿਤ ਕਰਨ ਦਾ ਕਾਰਜ ਗੁਰੂ ਨਾਨਕ ਦੇਵ ਜੀ ਨੇ ਹੀ ਸ਼ੁਰੂ ਕਰ ਦਿਤਾ ਸੀ| ਗੁਰੂ ਜੀ ਜਦੋਂ ਉਦਾਸੀਆਂ ਦੌਰਾਨ ਬਾਣੀ ਦਾ ਉਚਾਰਨ ਕਰਦੇ ਸਨ ਤਾਂ ਜਿਥੇ ਆਪਣੀ ਬਾਣੀ ਆਪ ਲਿਖ ਕੇ ਸੰਭਾਲਣ ਲਈ ਪੂਰੀ ਤਰ੍ਹਾਂ ਚੇਤੰਨ ਸਨ (ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ|| ਵਡਹੰਸੁ ਮ: 1, 566), ਉਥੇ ਆਪ ਨਾਲ ਕੁਝ ਲਿਖਾਰੀ- ਭਾਈ ਸੀਹਾਂ ਛੀਬਾ, ਹਸੂ ਲੁਹਾਰ, ਸੈਦੋ ਘੇਹੋ ਆਦਿ ਵੀ ਹੁੰਦੇ ਸਨ, ਉਦਾਹਰਨ ਲਈ ਜਦੋਂ ਗੁਰੂ ਜੀ ਨੇ ਦਖਣ ਦੀ ਉਦਾਸੀ ਸਮੇਂ ਮਛਿੰਦਰ ਆਦਿਕ ਸਿਧਾਂ ਨਾਲ ਗੋਸਟਿ ਕੀਤੀ ਤਾਂ ਉਚਰੀ ਗਈ ਬਾਣੀ ਭਾਈ ਸੈਦੋ ਘੇਹੋ ਨੇ ਲਿਖੀ: ''ਗੋਸਟਿ ਮਛਿੰਦ੍ਰ ਨਾਲਿ ਸੰਪੂਰਨ ਹੋਈ [ਤਬ ਉਚਰੀ ਗਈ] ਬਾਣੀ ਸੈਦੋ ਜਾਤ ਘੇਹੋ ਲਿਖੀ" (ਪੁਰਾਤਨ ਜਨਮਸਾਖੀ, ਸਾਖੀ ੪੬)| 'ਧਨਾਸਰੀ ਦੇਸ' ਵਿਖੇ ''ਏਹ ਵਾਰ ਹੋਈ ਸਾਪੂਰਨ ਮਾਝ ਕੀ ਤਦਹੁੰ ਸੈਦੋ ਘੇਹੋ ਲਿਖੀ..." (ਉਹੀ, ੪2)| 'ਤ੍ਰਿਤੀਆ ਉਦਾਸੀ' ਵੇਲੇ ਜਦੋਂ ਗੁਰੂ ਜੀ ਸਾਥੀ-ਸੰਗਤਾਂ ਸਮੇਤ ਕਸ਼ਮੀਰ ਗਏ ਤਾਂ ਉਥੇ ਉਨ੍ਹਾਂ ਦੀ ਮੁਲਾਕਾਤ ਪੰਡਿਤ ਬ੍ਰਹਮਦਾਸ ਨਾਲ ਹੋਈ, ਗੋਸਟਿ ਦੌਰਾਨ ''ਤਿਤੁ ਮਹਲੁ ੁਮਲਾਰ ਕੀ ਵਾਰ ਹੋਈ... ਤਤੁ ਬਾਣੀ ਹਸੂ ਲੁਹਾਰ ਅਤੈ ਸੀਹੈ ਛੀਬੈ ਲਿਖੀ" (ਉਹੀ, ਸਾਖੀ ੪੯)|
ਭਾਈ ਗੁਰਦਾਸ ਜੀ ਦੇ ਕਥਨ (ਆਸਾ ਹਥਿ ਕਿਤਾਬ ਕਛਿ... 1/32) ਅਨੁਸਾਰ ਜਦੋਂ ਆਪ ਮਕੇ ਵਿਚ ਇਸਲਾਮ ਦੇ ਵਿਦਵਾਨ ਇਮਾਮਾਂ, ਉਲਮਾਂ ਆਦਿ ਨਾਲ ਸੰਵਾਦ (ਗੋਸਟਿ) ਕਰਨ ਗਏ ਤਾਂ ਆਪ ਕੋਲ ਬਾਣੀ ਸੰਗ੍ਰਹਿ ਸੰਭਾਲਿਆ ਹੋਇਆ ਸੀ| ਜੀਵਨ ਦੇ ਆਖਰੀ ਵਰ੍ਹੇ ਜਦੋਂ ਆਪ ਕਰਤਾਰਪੁਰ ਵਿਖੇ ਟਿਕ ਗਏ ਤਾਂ ਗੁਰਬਾਣੀ ਦੀ ਪਹਿਲੀ ਟਕਸਾਲ ਇਥੇ ਬਧੀ ਗਈ, ਜਿਥੇ ਭਾਈ ਗੁਰਦਾਸ ਜੀ ਅਨੁਸਾਰ 'ਗਿਆਨੁ ਗੋਸਟਿ' ਦੀ 'ਚਰਚਾ ਸਦਾ' ਚਲਦੀ ਰਹਿੰਦੀ ਸੀ ਤੇ ਬਹੁਤ ਸਾਰੀ ਬਾਣੀ ਇਥੇ ਉਚਾਰੀ ਤੇ ਸੰਗ੍ਰਹਿਤ ਕੀਤੀ ਗਈ (ਫਿਰਿ ਬਾਬਾ ਆਇਆ ਕਰਤਾਰਪੁਰਿ... ਬਾਣੀ ਮੁਖਹੁ ਉਚਾਰੀਐ... ਗਿਆਨੁ ਗੋਸਟਿ ਚਰਚਾ ਸਦਾ... 1ੇ28)| ਲਾਹੌਰ ਦਾ ਰਹਿਣ ਵਾਲਾ ਭਾਈ ਮਨਸੁਖ ਗੁਰੂ ਨਾਨਕ ਦੇਵ ਜੀ ਕੋਲ ਕਰਤਾਰਪੁਰ ਵਿਖੇ ਤਿੰਨ ਸਾਲ ਰਿਹਾ, ਜਿਸ ਨੇ ਬਾਣੀ ਪੋਥੀਆਂ ਲਿਖਣ ਦੀ ਸੇਵਾ ਨਿਭਾਈ: ''ਤਬ ਉਸ ਬਾਣੀਐ [ਭਾਈ ਮਨਸੁਖ] ਕੀ ਨਿਸਾ ਭਈ||... ਤੀਨ ਬਰਸ ਬਾਬੇ ਕੋਲ ਰਹਿਆ||... ਗੁਰੂ ਬਾਬੇ ਦੀ ਬਾਣੀ ਬਹੁਤ ਲਿਖੀਅਸੁ|| ਪੋਥੀਆ ਲਿਖ ਲੀਤੀਓਸੁ||" (ਪੁਰਾਤਨ ਜਨਮਸਾਖੀ, ਸਾਖੀ 41)| ਕਰਤਾਰਪੁਰ ਵਿਖੇ ਇਸ ਸਾਰੇ ਮਹਾਨ ਕਾਰਜ ਦੀ ਜ਼ਿੰਮੇਵਾਰੀ ਮਹਿਮਾ ਪ੍ਰਕਾਸ਼ ਵਾਰਤਕ (ਸਾਖੀ 22) ਅਨੁਸਾਰ ਭਾਈ ਲਹਣਾ (ਗੁਰੂ ਅੰਗਦ ਦੇਵ) ਜੀ ਨੇ ਸੰਭਾਲੀ ਹੋਈ ਸੀ| ਇਸੇ ਸੰਭਾਲ ਸਦਕਾ ਹੀ ਅਗੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਸੰਪਾਦਿਤ ਹੋਈ, ਜਿਸ ਨੇ ਧਰਮ, ਇਤਿਹਾਸ, ਸਭਿਆਚਾਰ, ਕੌਮੀਅਤ ਆਦਿ ਦੇ ਅਨਿਕ ਅਧਿਆਇ ਸਿਰਜੇ|
ਜਦੋਂ ਗੁਰੂ ਨਾਨਕ ਜੀ ਜੋਤੀ-ਜੋਤਿ ਸਮਾਏ ਤਾਂ ਆਪ ਨੇ 'ਸਲਾਮਤਿ ਥੀਵਦੈ' (ਗੁਰ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ|| ਰਾਮਕਲੀ ਕੀ ਵਾਰ, ਪੰਨਾ 966) ਹੀ ਭਾਈ ਲਹਣਾ ਜੀ ਨੂੰ ਬਾਣੀ-ਸੰਗ੍ਰਹਿ ਦੀ ਪੋਥੀ ੦ਗੁਰਿਆਈ ਸਮੇਂ ਸੌਂਪ ਦਿਤੀ ਸੀ (ਸੋ ਪੋਥੀ ਜੋ ਬਾਨਿ ਗੁਰੂ ਅੰਗਦ ਜੋਗ ਮਿਲੀ, ਪੁਰਾਤਨ ਜਨਮਸਾਖੀ, ਸਾਖੀ 57)|
ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦੀ ਸੇਵਾ ਸੰਭਾਲਣ ਉਪਰੰਤ ਗੁਰੂ ਨਾਨਕ ਜੀ ਦੁਆਰਾ ਸਥਾਪਿਤ ਸੰਸਥਾਵਾਂ ਨੂੰ ਉਸੇ ਰੂਪ ਵਿਚ ਚਾਲੂ ਰਖਣ ਦੇ ਨਾਲ-ਨਾਲ ਗੁਰੂ ਨਾਨਕ-ਸ਼ਰਨ ਵਿਚ ਸਿਰਜੀ ਗੁਰਮੁਖੀ ਲਿਪੀ ਦੇ ਪ੍ਰਚਾਰ-ਪ੍ਰਸਾਰ ਵਲ ਵਿਸ਼ੇਸ਼ ਧਿਆਨ ਦਿਤਾ| ਡਾ. ਲਾਇਟਨਰ (:ਕਜਵਅਕਗ) ਅਨੁਸਾਰ ਗੁਰੂ ਅੰਗਦ ਜੀ ਨੇ ਬੱਚਿਆਂ ਲਈ ਗੁਰਮੁਖੀ ਦੇ ਬਾਲ-ਬੋਧ ਤਿਆਰ ਕੀਤੇ/ਕਰਵਾਏ ਅਤੇ ਵਰਣਮਾਲਾ ਕ੍ਰਮਾਨੁਸਾਰ ਗੁਰੂ ਨਾਨਕ-ਬਾਣੀ ਵਿਚੋਂ ਨੀਤੀ-ਬਚਨ ਚੁਣ ਕੇ ਮਾਟੋ ਤਿਆਰ ਕੀਤੇ | ਜਦੋਂ ਗੁਰੂ ਅੰਗਦ ਜੀ ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਗੁਰੂ ਅਮਰਦਾਸ ਜੀ ਨੂੰ ਸੌਂਪੀ ਤਾਂ ਨਾਲ ਹੀ ਗੁਰਬਾਣੀ ਸੰਗ੍ਰਹਿ ਵੀ ਸੌਂਪ ਦਿਤਾ|
ਗੁਰਬਾਣੀ ਪੋਥੀਆਂ ਲਿਖਣ-ਲਿਖਾਉਣ ਦਾ ਸਿਲਸਲਾ ਗੁਰੂ ਅਮਰਦਾਸ ਜੀ ਵੇਲੇ ਵੀ ਉਸੇ ਤਰ੍ਹਾਂ ਪਰੰਪਰਾ ਵਾਂਗ ਚਲਦਾ ਰਿਹਾ| ਗੋਇੰਦਵਾਲ ਇਸ ਸਮੇਂ ਸਿਖ ਅਧਿਐਨ ਦੀ ਪ੍ਰਮੁਖ ਟਕਸਾਲ ਬਣਿਆ| ਭਾਈ ਸੰਸਰਾਮ, ਪਾਂਧਾ ਬੂਲਾ, ਬਾਬਾ ਬੁਢਾ ਜੀ ਆਦਿਕ ਗੁਰੂ ਅਮਰਦਾਸ ਸਮੇਂ ਦੇ ਪ੍ਰਸਿਧ ਵਿਦਵਾਨ ਲਿਖਾਰੀ ਸਨ| ਗੁਰੂ ਜੀ ਨੇ ਅਪਣਾ ਬਾਣੀ ਸੰਗ੍ਰਹਿ, ਪਹਿਲੇ ਗੁਰੂ ਸਾਹਿਬਾਨ ਤੇ ਭਗਤ ਬਾਣੀ ਦੇ ਕੀਤੇ ਸੰਗ੍ਰਹਿ ਸਮੇਤ ਗੁਰੂ ਰਾਮਦਾਸ ਜੀ ਨੂੰ 'ਤਿਲਕੁ' ੁਗੁਰਿਆਈੀਂ ਦੇਣ ਸਮੇਂ ਸੌਂਪ ਦਿਤਾ (ਰਾਮਦਾਸ ਸੋਢੀ ਤਿਲਕੁ ਦੀਆ ਗੁਰਸਬਦੁ ਸਚੁ ਨੀਸਾਣੁ ਜੀਉ|| ਰਾਮਕਲੀ ਸਦੁ, 923)| ਗੁਰੂ ਰਾਮਦਾਸ ਜੀ ਦੇ ਸਮੇਂ ਜਿਥੇ ਹੋਰ ਲਿਖਾਰੀ ਪੋਥੀਆਂ ਲਿਖਣ ਦੀ ਸੇਵਾ ਕਰਦੇ ਰਹੇ, ਉਥੇ ਗੁਰੂ ਸਾਹਿਬ ਨੇ ਖੁਦ ਬਾਣੀ ਉਚਰੀ ਅਤੇ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਦੇ ਉਤਾਰੇ ਵੀ ਕੀਤੇ| ਅਗੇ ਜਾ ਕੇ 'ਜਪੁ ਗੁਰੂ ਰਾਮਦਾਸ ਜੀਉ ਕੇ ਨਕਲ ਕਾ ਨਕਲੁ' ਹੀ ਆਦਿ ਬੀੜ ਵਿਚ ਗੁਰੂ ਅਰਜਨ ਦੇਵ ਜੀ ਨੇ ਸਥਾਪਿਤ| ਸੰਪਾਦਿਤ ਕੀਤਾ| ਇਸ ਤਰ੍ਹਾਂ ਆਦਿ ਬੀੜ ਦੇ ਅਧਾਰ ਸਰੋਤਾਂ ਵਿਚ 'ਪਿਉ ਦਾਦੇ ਦਾ ਖਜਾਨਾ' ਗੁਰੂ ਅਰਜਨ ਦੇਵ ਜੀ ਨੂੰ ਗੁਰੂ ਰਾਮਦਾਸ ਜੀ ਤੋਂ ਗੁਰਿਆਈ ਸਮੇਂ ਮਿਲਿਆ, ਜਿਨ੍ਹਾਂ ਨੇ ਵਾਹਿਗੁਰੂ ਨੂੰ ਆਪਣੇ ਹਿਰਦੇ ਅਤੇ ਰਸਨਾ ਉਤੇ ਬਸਾਅ ਕੇ 'ਸਬਦੁ ਗੁਰ' ਦਾ ਪ੍ਰਕਾਸ ਕੀਤਾ (ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ|| ਪੰਨਾ 1407|
ਸੰਪਾਦਨ ਇਤਿਹਾਸ
ਗੁਰੂ ਅਰਜਨ ਦੇਵ ਜੀ ਨੇ ਪ੍ਰਾਪਤ ਹੋਏ ਬਾਣੀ ਸੰਗ੍ਰਹਿ ਨੂੰ, ਜੋ ਪੋਥੀਆਂ, ਪਤਰਿਆਂ, ਗੁਟਕਿਆਂ ਆਦਿ ਦੇ ਰੂਪ ਵਿਚ ਸੀ, ਇਕ ਵਿਧੀਵਤ ਰੂਪ ਦੇਣ ਲਈ ਰਾਮਸਰ ਨਾਂ ਦੇ ਸਥਾਨ ਦੀ ਚੋਣ ਕੀਤੀ| ਇਸ ਰਮਣੀਕ ਥਾਂ ਉਤੇ ਗੁਰਬਾਣੀ ਦੇ ਸੰਪਾਦਨ ਦਾ ਕਾਰਜ ਸ਼ੁਰੂ ਕੀਤਾ ਗਿਆ, ਜਿਹੜਾ 1601 ਈ. ਤੋਂ 1604 ਈ. ਤਕ, ਲਗਪਗ ਤਿੰਨ ਸਾਲਾਂ ਵਿਚ ਸੰਪੂਰਨ ਹੋਇਆ| ਆਦਿ ਬੀੜ ਦੀ ਸੰਪਾਦਨਾ ਕਰਵਾਉਂਦੇ ਸਮੇਂ ਗੁਰੂ ਜੀ ਨੇ ਭਾਈ ਗੁਰਦਾਸ ਜੀ ਦੀ ਮਦਦ ਲਈ ਹੋਰ ਲਿਖਾਰੀ ਵੀ ਨਿਯੁਕਤ ਕੀਤੇ, ਕਿਉਂਕਿ ਇਤਨੀ ਵਡੀ ਸੇਵਾ ਲਈ ਅਜਿਹਾ ਜਰੂਰੀ ਸੀ| ਭਟ ਸਾਹਿਬਾਨ ਦੁਆਰਾ ਸੰਪਾਦਨ ਸੇਵਾ ਵਿਚ ਪਾਏ ਯੋਗਦਾਨ ਦਾ ਹਵਾਲਾ ਵੀ ਮਿਲਦਾ ਹੈ| ਭਾਈ ਕੇਸਰ ਸਿੰਘ ਛਿਬਰ (ਬੰਸਾਵਲੀਨਾਮਾ, 1769 ਈ.) ਨੇ ਚਾਰ ਹੋਰ ਲਿਖਾਰੀਆਂ ਦਾ ਜ਼ਿਕਰ ਵੀ ਕੀਤਾ ਹੈ:
ਭਾਈ ਸੰਤ ਦਾਸ ਤੇ ਹਰੀਆ ਸੁਖਾ ਮਨਸਾ ਰਾਮ ਲਿਖਦੇ ਜਾਨ| ਚਾਰੇ ਲਿਖਾਰੀ, ਜੋ ਸਾਹਿਬ [ਗੁਰੂ ਅਰਜਨ ਦੇਵ ਜੀ] ਕਰਨ ਬਖਾਨ|| (ਚਰਨ/ ਬੰਦ 5/31)
ਸੰਪਾਦਨਾ ਦਾ ਸਮੁਚਾ ਕਾਰਜ 'ਸੰਮਤ 1661 ਮਿਤੀ ਭਾਦਉ ਵਦੀ ਏਕਮ'; 1 ਸਤੰਬਰ, 1604 ਈ. ਨੂੰ ਸਮਾਪਤ ਹੋਇਆ| ਅਗਲੇ ਕੁਝ ਦਿਨਾਂ ਵਿਚ ਸੰਪਾਦਿਤ ਪਾਠ ਦੇ ਉਤਾਰੇ, ਸੈਂਚੀਆਂ, ਜਿਲਦ ਆਦਿ ਦਾ ਪ੍ਰਬੰਧ ਕੀਤਾ ਗਿਆ|
ਦਰਬਾਰ ਸਾਹਿਬ ਵਿਚ ਪ੍ਰਕਾਸ਼
ਆਦਿ ਬੀੜ ਦਾ ਬਾਬਾ ਬੁਢਾ ਜੀ, ਭਾਈ ਗੁਰਦਾਸ, (ਗੁਰੂ) ਹਰਿਗੋਬਿੰਦ ਸਾਹਿਬ ਆਦਿ ਮੁਖੀ ਸਿਖਾਂ ਸਮੇਤ ਗੁਰੂ ਸਾਹਿਬ (ਗੁਰੂ ਅਰਜਨ ਦੇਵ ਜੀ) ਨੇ ਪੂਰੇ ਅਦਬ ਸਤਿਕਾਰ ਸਹਿਤ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆ ਕੇ ਪ੍ਰਕਾਸ਼ ਕਰ ਦਿਤਾ| ਪਹਿਲੇ ਪ੍ਰਕਾਸ਼ ਤੇ ਸੇਵਾ-ਸੰਭਾਲ ਦੀ ਸੇਵਾ ਬਾਬਾ ਬੁਢਾ ਜੀ ਨੂੰ ਸੌਂਪੀ ਗਈ| ਪਹਿਲੀ ਵਾਰ ਪ੍ਰਕਾਸ਼ ਕਰਨ ਉਤੇ ਜੋ ਹੁਕਮਨਾਮਾ ਆਇਆ, ਉਹ ਸੀ: ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ||... (ਸੂਹੀ ਮਹਲਾ 5, 783-84)|
ਵਾਧਾ
ਤਲਵੰਡੀ ਸਾਬ੍ਹੋ (ਦਮਦਮਾ ਸਾਹਿਬ) ਵਿਖੇ 1706 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆਦਿ ਬੀੜ ਵਿਚ, ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਸ਼ਾਮਿਲ ਕਰਵਾ ਕੇ ਸ੍ਰੀ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖਸ਼ੀ| ਇਥੇ ਸੰਪੂਰਨ ਕੀਤੇ ਸਰੂਪ ਨੂੰ ਹੀ ਬਾਅਦ ਵਿਚ ਨੰਦੇੜ ਵਿਖੇ ਗੁਰਿਆਈ ਬਖਸ਼ੀ ਗਈ|
ਗੁਰਿਆਈ
ਗੁਰੂ ਗੋਬਿੰਦ ਸਿੰਘ ਜੀ ਨੇ ਦਖਣ ਵਿਚ ਨੰਦੇੜ, ਹਜ਼ੂਰ ਸਾਹਿਬ (ਮਹਾਂਰਾਸ਼ਟਰ) ਵਿਖੇ ਜੋਤੀ-ਜੋਤਿ ਸਮਾਉਣ ਤੋਂ ਇਕ ਦਿਨ ਪਹਿਲਾਂ 'ਕਾਰਤਕ ਮਾਸੇ ਸੁਦੀ ਚਉਥ ਸੁਕਲਾ ਪਖੇ ਬੁਧਵਾਰ ਕੇ ਦਿਹੁੰ...ਸਤਰਾ ਸੈ ਪੈਸਠ'; 6 ਅਕਤੂਬਰ 1708 ਈ. ਵਿਚ 'ਗ੍ਰੰਥ' ਸਾਹਿਬ ਨੂੰ ਗੁਰਿਆਈ ਦੇ ਕੇ ਗੁਰੂ ਸੰਸਥਾ ਦੇ ਸਰੂਪ ਨੂੰ ਸੰਪੂਰਨ ਅਤੇ ਸਥਾਪਿਤ ਕਰ ਦਿਤਾ| ਇਸ ਆਲੌਕਿਕ ਤੇ ਇਤਿਹਾਸਕ ਲਮਹੇ ਨੂੰ ਇਸ ਸਮੇਂ ਸੰਗਤ ਵਿਚ ਹਾਜ਼ਰ ਭਾਈ ਨਰਬਦ ਸਿੰਘ ਭਟ ਨੇ ਇਸ ਤਰ੍ਹਾਂ ਕਲਮਬਧ ਕੀਤਾ ਹੈ:
ਗੁਰੂ ਗੋਬਿੰਦ ਸਿੰਘ ਮਹਲ ਦਸਮਾ, ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਮੁਕਾਮ ਨਦੇੜ ਤਟ ਗੁਦਾਵਰੀ ਦੇਸ ਦਖਣ, ਸਤਰਾ ਸੈ ਪੈਸਠ ਕਾਰਤਕ ਮਾਸੇ ਸੁਦੀ ਚਉਥ ਸੁਕਲਾ ਪਖੇ ਬੁਧਵਾਰ ਕੇ ਦਿਹੁੰ ਭਾਈ ਦੈਆ ਸਿੰਘ ਸੇ ਬਚਨ ਹੋਆ ਸ੍ਰੀ ਗ੍ਰੰਥ ਸਾਹਿਬ ਲੇ ਆਓ ਬਚਨ ਪਾਇ ਦੈਆ ਸਿੰਘ ਸ੍ਰੀ ਗ੍ਰੰਥ ਸਾਹਿਬ ਲੈ ਆਏ|| ਗੁਰੂ ਜੀ ਨੇ ਪਾਂਚ ਪੈਸੇ ਏਕ ਨਲੀਏਰ ਆਗੇ ਭੇਟਾ ਰਾਖ ਮਥਾ ਟੇਕਾ| ਸਰਬਤਿ ਸੰਗਤਿ ਸੇ ਕਹਾ - ਮੇਰਾ ਹੁਕਮ ਹੈ, ਮੇਰੀ ਜਗਹ ਸ੍ਰੀ ਗੰਥ ਜੀ ਕੋ ਜਾਨਨਾ| ਜੋ ਸਿਖ ਜਾਨੇਗਾ, ਤਿਸਕੀ ਘਾਲ ਥਾਂਇ ਪਏਗੀ, ਗੁਰੂ ਤਿਸਕੀ ਬਹੁੜੀ ਕਰੇਗਾ, ਸਤਿ ਕਰਿ ਮਾਨਨਾ... (ਭਟ ਵਹੀ ਤਲਉਂਡਾ ਪ੍ਰਗਣਾ ਜੀਂਦ)|
ਭਾਈ ਸ੍ਵਰੂਪ ਸਿੰਘ ਕੌਸਿਸ (ਗੁਰੂ ਕੀਆਂ ਸਾਖੀਆਂ, 1762 ਈ.) ਨੇ ਇਨ੍ਹਾਂ ਸ਼ਾਨਦਾਰ ਲਮਹਿਆਂ ਨੂੰ ਇਉਂ ਕਾਨੀਬਧ ਕੀਤਾ:
ਗੁਰੂ ਜੀ ਨੇ ਦਯਾ ਸਿੰਘ ਸੇ ਕਹਾ, ਭਾਈ ਸਿਖਾ ਸ੍ਰੀ ਗ੍ਰੰਥ ਸਾਹਿਬ ਲੈ ਆਈਏ... ਸ੍ਰੀ ਮੁਖ ਥੀ ਇੰਜ ਬੋਲੇ ਅਕਾਲ ਪੁਰਖ ਕੇ ਬਚਨ ਸਿਉ ਪਰਗਟ ਚਲਾਯੋ ਪੰਥ| ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਓ ਗ੍ਰੰਥ| ਗੁਰੂ ਖਾਲਸਾ ਮਾਨੀਐ, ਪਰਗਟ ਗੁਰੂ ਕੀ ਦੇਹਿ|...ਉਪਰੰਤ ਰਬਾਬੀਆਂ ਕੀਰਤਨ ਅਰੰਭ ਕੀਆ, ਬਾਦ ਅਰਦਾਸੀਏ ਅਰਦਾਸ ਕਰ ਕੇ ਤ੍ਰਿਹਾਵਲ ਪ੍ਰਸਾਦ ਕੀ ਦੇਗ ਵਰਤਾਈ...|
ਸੰਪਾਦਨ-ਵਿਧੀ
ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ-ਵਿਧੀ ਨੂੰ ਸਮਝਣ ਲਈ ਦੋ ਭਾਗਾਂ ਵਿਚ ਵੰਡ ਕੇ ਵਿਚਾਰਿਆ ਜਾ ਸਕਦਾ ਹੈ:
(1) ਬਾਣੀ -ਸੰਪਾਦਨ ਤਰਤੀਬ ਦੇ ਅਧਾਰ ਅਤੇ
(2) ਬਣਤਰ
(1) ਅਧਾਰ
ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਦਾ ਅਧਾਰ ਸੁਬੁਧ ਸੰਪਾਦਕ (ਗੁਰੂ ਅਰਜਨ ਦੇਵ ਜੀ) ਨੇ ਕ੍ਰਮਾਨੁਸਾਰ ਮੁਖ ਤੌਰ ਉਤੇ ਤਿੰਨ ਪ੍ਰਕਾਰੀ ਰਖਿਆ ਹੈ:
(1.1) ਰਾਗ
(1.2) ਕਾਵਿ ਅਤੇ
(1.3) ਬਾਣੀਕਾਰ
1.1 ਗੁਰਬਾਣੀ ਦਾ ਪਹਿਲਾ ਮੁਖ ਅਧਾਰ ਰਾਗ ਰਖਿਆ ਗਿਆ ਹੈ| ਬਾਣੀ ਦਾ ਵਧੇਰੇ ਭਾਗ ਮੁਖ 31 ਰਾਗਾਂ ਤੇ ਅਗੇ 30 ਉਪ-ਰਾਗਾਂ ਵਿਚ ਵਿਉਂਤਿਆ ਗਿਆ ਹੈ|
1.2 ਦੂਜਾ ਅਧਾਰ ਕਾਵਿ-ਰੂਪ ਦਾ ਹੈ| ਸੰਬੰਧਿਤ ਥਾਂ ਇਸ ਦੀ ਤਰਤੀਬ ਮੁਖ ਤੌਰ ਉਤੇ ਇਸ ਤਰ੍ਹਾਂ ਹੈ: ਸਭ ਤੋਂ ਪਹਿਲਾਂ 'ਪਦ' ਅਤੇ ਇਸ ਦੇ ਅਨੇਕ ਰੂਪਾਂ-ਇਕਪਦਾ, ਦੁਪਦਾ, ਤਿਪਦੇ, ਚਉਪਦੇ... ਅਸਟਪਦੀ ਨੂੰ ਕ੍ਰਮਵਾਰ ਵਰਤਿਆ ਗਿਆ ਹੈ| ਫਿਰ ਛੰਤ ਜਾਂ ਇਸ ਦੇ ਸਮਾਨੰਤਰ ਬਾਣੀ, ਜਿਵੇਂ ਪਹਰੇ, ਨਿਖੜਵੇਂ ਸਬਦਾਂ, ਆਦਿ ਨੂੰ ਥਾਂ ਦਿਤੀ ਗਈ ਹੈ| ਤੀਜੇ ਥਾਂ ਵਿਸ਼ੇਸ਼ ਕਾਵਿ-ਰੂਪ/ ਲੰਮੀਆਂ ਬਾਣੀਆਂ, ਜਿਵੇਂ ਵਣਜਾਰਾ, ਬਾਰਹਮਾਹਾ, ਬਾਵਨ ਅਖਰੀ, ਸੁਖਮਨੀ, ਥਿਤੀ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ| ਕ੍ਰਮ ਵਿਚ ਚੌਥੀ ਥਾਂ ਵਾਰਾਂ ਹਨ, ਜਿੰਨ੍ਹਾਂ ਦੀ ਕੁਲ ਗਿਣਤੀ 22 ਹੈ|
1.3 ਕਾਵਿ-ਰੂਪਾਂ ਨੂੰ ਬਾਣੀਕਾਰਾਂ ਅਨੁਸਾਰ ਤਰਤੀਬਿਆ ਹੈ| ਗੁਰੂ ਬਾਣੀਕਾਰਾਂ ਵਿਚੋਂ ਪਹਿਲ ਗੁਰੂ ਨਾਨਕ ਦੇਵ ਜੀ ਨੂੰ, ਫਿਰ ਕ੍ਰਮਵਾਰ ਦੂਜੇ; ਤੀਜੇ; ਚੌਥੇ; ਪੰਜਵੇਂ; ਨੌਵੇਂ ਗੁਰੂ ਸਾਹਿਬਾਨ ਨੂੰ| ਇਸੇ ਤਰ੍ਹਾਂ ਭਗਤ ਸਾਹਿਬਾਨ ਵਿਚੋਂ ਪਹਿਲ ਭਗਤ ਕਬੀਰ ਜੀ ਦੀ ਤੇ ਫਿਰ ਕ੍ਰਮਵਾਰ ਅਗਾਂਹ ਦਿਤੀ ਸੂਚੀ ਅਨੁਸਾਰ ਹੈ| ਇਸੇ ਤਰ੍ਹਾਂ ਭਟ ਸਾਹਿਬਾਨ ਅਤੇ ਗੁਰਸਿਖਾਂ ਦੀ ਬਾਣੀ ਨੂੰ ਸੰਬੰਧਿਤ ਥਾਂ ਦਿਤੀ ਗਈ ਹੈ| ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕੁਲ ਰਚੈਤਾ/ ਬਾਣੀਕਾਰ 35 ਹਨ| ਤਰਤੀਬ/ ਕ੍ਰਮਾਨੁਸਾਰ ਅਤੇ ਸਮਝਣ ਹਿਤ ਮੁਖ ਰੂਪ ਵਿਚ ਇਨ੍ਹਾਂ ਦੇ ਚਾਰ ਹਿਸੇ ਕੀਤੇ ਜਾ ਸਕਦੇ ਹਨ:
(T) ਗੁਰੂ ਸਾਹਿਬਾਨ (ਛੇ): ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ|
(ਅ) ਭਗਤ ਸਾਹਿਬਾਨ (ਪੰਦਰਾਂ): ਭਗਤ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਰਾਮਾਨੰਦ ਜੀ, ਜੈਦੇਵ ਜੀ, ਤ੍ਰਿਲੋਚਨ ਜੀ, ਧੰਨਾ ਜੀ, ਸੈਣ ਜੀ, ਪੀਪਾ ਜੀ, ਭੀਖਨ ਜੀ, ਸਧਨਾ ਜੀ, ਪਰਮਾਨੰਦ ਜੀ, ਸੂਰਦਾਸ ਜੀ, ਬੇਣੀ ਜੀ ਅਤੇ (ਸੇਖ) ਫਰੀਦ ਜੀ|
(ਗ) ਭਟ ਸਾਹਿਬਾਨ (ਗਿਆਰਾਂ): ਭਟ ਕਲਸਹਾਰ ਜੀ, ਜਾਲਪ ਜੀ, ਕੀਰਤ ਜੀ, ਭਿਖਾ ਜੀ, ਸਲ੍ਹ ਜੀ, ਭਲ੍ਹ ਜੀ, ਨਲ੍ਹ ਜੀ, ਗਯੰਦ ਜੀ, ਮਥੁਰਾ ਜੀ, ਬਲ੍ਹ ਜੀ ਅਤੇ ਹਰਿਬੰਸ ਜੀ|
(ਸ) ਗੁਰਸਿਖ (ਤਿੰਨ): ਰਾਇ ਬਲਵੰਡ ਜੀ, ਸਤਾ ਡੂਮ ਜੀ ਅਤੇ ਬਾਬਾ ਸੁੰਦਰ ਜੀ|
ਬਾਣੀ ਤਰਤੀਬ ਦੇ ਉਕਤ ਦਰਸਾਏ ਤਿੰਨ ਅਧਾਰ ਮੁਖ ਹਨ, ਹੋਰ ਵੀ ਕਈ ਅਧਾਰ (ਜਿਵੇਂ ਘਰੁ, ਛੰਦ, ਰੁਤਾਂ ਆਦਿ) ਤਲਾਸ਼ੇ ਜਾ ਸਕਦੇ ਹਨ|
(2) ਬਣਤਰ
ਸੰਪਾਦਿਤ ਗੁਰਬਾਣੀ ਦੇ ਸਮੁਚੇ ਸਰੂਪ (ਵਡਾਕਾਰੀ 1430 ਪੰਨਿਆਂ) ਨੂੰ ਪੰਜ ਮੁਖ ਭਾਗਾਂ ਵਿਚ ਵੰਡ ਕੇ ਇਉਂ ਸਮਝਿਆ ਜਾ ਸਕਦਾ ਹੈ:
(2.1) ਤਤਕਰਾ
(2.2) ਨਿਤਨੇਮ ਬਾਣੀਆਂ (ਪੰਨੇ 1-13)
(2.3) ਰਾਗ-ਬਧ ਬਾਣੀਆਂ (ਪੰਨੇ 14-1353)
(2.4) ਰਾਗ-ਮੁਕਤ ਬਾਣੀਆਂ (ਪੰਨੇ 1353-1429)
(2.5) ਰਾਗਮਾਲਾ (ਪੰਨੇ 1429-1430)
(2.1) ਤਤਕਰਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਤਤਕਰਾ ਹੈ| ਗਿਣਤੀ ਵਿਚ ੧੪੩0 ਮੂਲ ਪਾਠ ਦੇ ਪੰਨਿਆਂ ਦਾ ਇਹ ਹਿਸਾ ਨਹੀਂ| ਇਸ ਦੇ ਦੋ ਮੁਖ ਭਾਗ ਹਨ: ਰਾਗ ਸੂਚਕ ਤੇ ਸਬਦ ਸੂਚਕ| ਜਿਥੇ-ਜਿਥੇ, ਜੋ-ਜੋ ਬਾਣੀ ਹੈ, ਉਹ ਤਤਕਰੇ ਤੋਂ ਪਤਾ ਲਗ ਜਾਂਦੀ ਹੈ| 'ਤਤਕਰਾ' ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ-ਪ੍ਰਬੰਧ ਦਾ ਵਿਸ਼ੇਸ਼ ਭਾਗ ਹੈ|
(2.2) ਨਿਤਨੇਮ ਬਾਣੀਆਂ (ਪੰਨੇ 1-13)
ਪਹਿਲੇ 13 ਪੰਨਿਆਂ ਉਤੇ ਤਿੰਨ ਬਾਣੀਆਂ ਹਨ, ਜਿੰਨ੍ਹਾਂ ਨੂੰ ਨਿਤਨੇਮ ਦੀਆਂ ਬਾਣੀਆਂ ਕਿਹਾ ਜਾਂਦਾ ਹੈ: (1) ਜਪੁ, (2) ਸੋ ਦਰੁ, ਸੋ ਪੁਰਖੁ ੁਰਹਰਾਸੀਂ ਅਤੇ (3) ਸੋਹਿਲਾ
(2.3) ਰਾਗ-ਬਧ ਬਾਣੀਆਂ (ਪੰਨੇ 14-1353)
ਬਾਣੀ ਦੇ ਵਡੇਰੇ ਭਾਗ ਨੂੰ ਮੁਖ 31 ਸ਼ੁਧ ਰਾਗਾਂ ਵਿਚ ਵੰਡ ਕੇ ਲਿਖਿਆ ਗਿਆ ਹੈ| ਪਹਿਲਾ ਰਾਗੁ ਸਿਰੀਰਾਗੁ ਹੈ ਅਤੇ ਅੰਤਮ ਇਕਤੀਵਾਂ ਜੈਜਾਵੰਤੀ ਹੈ| ਇਸ ਤਰ੍ਹਾਂ (31 ਸ਼ੁਧ ਤੇ ੩0 ਮਿਸ਼ਰਤ) ਕੁਲ 61 ਰਾਗਾਂ ਵਿਚ ਬਾਣੀ ਹੈ| ਰਾਗਾਂ ਦਾ ਕ੍ਰਮਾਨੁਸਾਰ ਵੇਰਵਾ ਇਸ ਤਰ੍ਹਾਂ ਹੈ:
ਸ਼ੁਧ ਰਾਗ : ਸਿਰੀਰਾਗੁ, ਮਾਝੁ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸੁ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲੁ, ਗੋਂਡ, ਰਾਮਕਲੀ, ਨਟਨਾਰਾਇਨ, ਮਾਲੀਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤੁ, ਸਾਰੰਗ, ਮਲਾਰ, ਕਾਨੜਾ, ਕਲਿਆਨੁ, ਪ੍ਰਭਾਤੀ ਅਤੇ ਜੈਜਾਵੰਤੀ|
ਮਿਸ਼ਰਤ ਰਾਗ : ਗਉੜੀ ਗੁਆਰੇਰੀ, ਗਉੜੀ ਦਖਣੀ, ਗਉੜੀ ਚੇਤੀ, ਗਉੜੀ ਬੈਰਾਗਣਿ, ਗਉੜੀ ਦੀਪਕੀ, ਗਉੜੀ ਪੂਰਬੀ, ਗਉੜੀ ਪੂਰਬੀ ਦੀਪਕੀ, ਗਉੜੀ ਮਾਝੁ, ਗਉੜੀ ਮਾਲਵਾ, ਗਉੜੀ ਮਾਲਾ, ਗਉੜੀ ਭੀ ਸੋਰਠਿ ਭੀ, ਆਸਾ ਕਾਫੀ, ਆਸਾਵਰੀ, ਆਸਾਵਰੀ ਸੁਧੰਗ, ਵਡਹੰਸ ਦਖਣੀ, ਤਿਲੰਗ ਕਾਫੀ, ਸੂਹੀ ਕਾਫੀ, ਸੂਹੀ ਲਲਿਤ, ਬਿਲਾਵਲੁ ਦਖਣੀ, ਬਿਲਾਵਲੁ ਗੋਂਡ, ਬਿਲਾਵਲੁ ਮੰਗਲ, ਰਾਮਕਲੀ ਦਖਣੀ, ਨਟ, ਮਾਰੂ ਕਾਫੀ, ਮਾਰੂ ਦਖਣੀ, ਬਸੰਤੁ ਹਿੰਡੋਲ, ਕਲਿਆਨੁ ਭੋਪਾਲੀ, ਪ੍ਰਭਾਤੀ ਬਿਭਾਸ, ਬਿਭਾਸ ਪ੍ਰਭਾਤੀ ਅਤੇ ਪ੍ਰਭਾਤੀ ਦਖਣੀ|
(2.4) ਰਾਗ-ਮੁਕਤ ਬਾਣੀਆਂ (ਪੰਨੇ 1353-1429)
ਇਸ ਭਾਗ ਵਿਚ ਬਾਣੀਆਂ ਹਨ: ਸਲੋਕ ਸਹਸਕ੍ਰਿਤੀ (ਮ: 1, 5), ਗਾਥਾ ਮਹਲਾ 5, ਫੁਨਹੇ ਮਹਲਾ 5, ਚਉਬੋਲੇ ਮਹਲਾ 5, ਸਲੋਕ ਭਗਤ ਕਬੀਰ ਜੀਉ ਕੇ, ਸਲੋਕ ਸੇਖ ਫਰੀਦ ਕੇ, ਸਵਯੇ ਸ੍ਰੀ ਮੁਖਬਾਕ੍ਹ ਮਹਲਾ 5, ਸਵਈਏ (ਮਹਲੇ ਪਹਿਲੇ ਕੇ ੧- ਪੰਜਵੇ ਕੇ 5), ਸਲੋਕ ਵਾਰਾ ਤੇ ਵਧੀਕ, ਸਲੋਕ ਮਹਲਾ 9, ਮੁੰਦਾਵਣੀ ਮਹਲਾ ਅਤੇ ਸਲੋਕ ਮਹਲਾ 5 |
(2.5) ਰਾਗਮਾਲਾ (ਪੰਨੇ 1429-1430)
ਅੰਤ ਵਿਚ ਰਾਗਮਾਲਾ, ਰਾਗਾਂ ਤੇ ਰਾਗਣੀਆਂ ਦੀ ਲੜੀ, ਨਾਮਾਵਲੀ ਹੈ, ਜਿਹੜੀ ਰਾਗਾਂ ਦੇ ਵਿਧਾਨ ਸੰਬੰਧੀ ਹੈ|
ਨਿਰਮਤ ਜੁਗਤਾਂ
ਗੁਰੂ ਅਰਜਨ ਦੇਵ ਜੀ ਦੁਆਰਾ ਨਿਰਮਤ, ਸੰਪਾਦਨ-ਮਾਡਲ ਦੀ ਉਸਾਰੀ ਲਈ ਸਿਰਜੀਆਂ ਗਈਆਂ ਜੁਗਤਾਂ ਵਿਚੋਂ ਸਿਰਲੇਖ, ਅੰਕ ਅਤੇ ਰਹਾਉ ਮੁਖ ਤਿੰਨ ਹਨ| ਸਿਰਲੇਖ ਜੁਗਤ ਰਾਹੀਂ ਰਾਗ (31
ੁਧ ਅਤੇ 30 ਮਿਸ਼ਰਤ), ਕਾਵਿ-ਰੂਪ (ਬਾਣੀ ਨਾਂ: ਜਪੁ, ਸੋ ਦਰੁ, ਸੋ ਪੁਰਖੁ, ਸੁਖਮਨੀ...; ਲੋਕ-ਕਾਵਿ: ਪਹਰੇ, ਸੋਹਿਲਾ, ਘੋੜੀਆ, ਕਰਹਲਾ...; ਸਾਹਿਤਕ-ਕਾਵਿ: ਅਸਟਪਦੀ, ਪਦੁ, ਸਲੋਕ, ਛੰਤ, ਮੰਗਲ, ਵਾਰ...) ਅਤੇ ਬਾਣੀਕਾਰ ਦੀ ਪਛਾਣ ਦੇ ਨਾਲ-ਨਾਲ ਸੰਬੰਧਿਤ ਬਾਣੀ ਦਾ ਉਚਾਰਨ/ ਗਾਇਨ (ਏਕੁ ਸੁਆਨੁ ਕੈ ਘਰਿ ਗਾਵਣਾ, ਪਹਰਿਆ ਕੈ ਘਰਿ ਗਾਵਣਾ, 9 ਵਾਰਾਂ 'ਤੇ ਅੰਕਿਤ ਧੁਨਾਂ ਆਦਿ) ਸੰਬੰਧੀ ਵੀ ਸੰਕੇਤ ਕੀਤਾ ਗਿਆ ਹੈ| ਮੰਗਲਾਚਰਨ, ਜਿਸ ਨੂੰ 'ਮੂਲ ਮੰਤ੍ਰ ' (ੴ ... ਗੁਰਪ੍ਰਸਾਦਿ||) ਕਿਹਾ ਜਾਂਦਾ ਹੈ, ਸਥਾਨ ਦੀ ਦ੍ਰਿਸ਼ਟੀ ਤੋਂ ਤਾਂ ਸਿਰਲੇਖ-ਪ੍ਰਬੰਧ ਦਾ ਹੀ ਭਾਗ ਹੈ| ਰਹਾਉ ਦਾ ਸ਼ਾਬਦਿਕ ਅਰਥ ਠਹਿਰਾਉ ਹੈ; ਸੰਗੀਤ ਵਿਚ ਇਹ 'ਟੇਕ' ਦੇ ਅਰਥਾਂ ਵਿਚ ਵਰਤੀਂਦਾ ਹੈ, ਭਾਵ ਇਹ ਸ਼ਬਦ ਦੇ ਅਰਥ ਵਿਚ
ਕੇਂਦਰੀ ਥਾਂ ਉਤੇ ਹੈ| ਇਸ ਜੁਗਤ ਦਾ ਨਿਰਮਾਣ ੦ਉਚਾਰਨ, ਅਰਥ ਤੇ ਕੀਰਤਨ ਦੇ ਹਵਾਲੇ ਵਿਚ ਕੀਤਾ ਗਿਆ ਹੈ|
ਭਾਸ਼ਾ
ਭਾਸ਼ਾ ਵਿਗਿਆਨਕ (;ਜਅਪਚਜਤਵਜਫਤ) ਦ੍ਰਿਸ਼ਟੀ ਤੋਂ ਬਾਣੀ ਤਦੋਂ ਦੀ ਰਚਨਾ ਹੈ ਜਦੋਂ ਪ੍ਰਾਕ੍ਰਿਤਾਂ, ਅਪਭ੍ਰੰਸਾਂ ਰਾਹੀਂ ਲੋਕ/ ਸਥਾਨਕ ਬੋਲੀਆਂ ਦਾ ਰੂਪ ਗ੍ਰਹਿਣ ਕਰ ਰਹੀਆਂ ਸਨ| ਗੁਰਬਾਣੀ ਭਾਸ਼ਾ ਦਾ ਬੁਨਿਆਦੀ ਪਿੰਡਾ, ਮੁਹਾਵਰਾ ਤੇ ਲਹਿਜਾ ਪੰਜਾਬੀ ਹੈ, ਪਰ ਸ਼ਬਦਾਵਲੀ ਪਖੋਂ ਮਿਸ਼ਰਤ ਹੈ| ਬਾਣੀ ਵਿਚ ਤਕਰੀਬਨ 15-ਕੁ ਭਾਸ਼ਾਵਾਂ ਦੇ ਨਮੂਨੇ; ਪ੍ਰਭਾਵ; ਸ਼ਬਦਾਵਲੀ ਆਦਿ ਮਿਲ ਜਾਂਦੀ ਹੈ, ਪਰ ਇਸ ਦੀ ਬਣਤਰ ਪੰਜਾਬੀ ਹੈ| ਇਹ ਗੁਰੂ-ਕਾਲ (15-17ਵੀਂ ਸਦੀ) ਦੀ ਮੁਢਲੀ ਪੰਜਾਬੀ ਹੈ| ਇਸ ਦੀ ਸ਼ਬਦਾਵਲੀ ਤਦਭਵੀ ਵਧੇਰੇ ਹੈ, ਭਾਵ ਹੋਰ ਭਾਸ਼ਾਈ ਸ਼ਬਦਾਂ ਦਾ ਪੰਜਾਬੀਕਰਨ ਕੀਤਾ ਗਿਆ ਹੈ| ਇਸ ਵਿਚ ਪੰਜਾਬੀ (ਲਹਿੰਦੀ), ਸਿੰਧੀ, ਰਾਜਸਤਾਨੀ, ਬਾਂਗਰੂ, ਬ੍ਰਜ, ਖੜੀ ਬੋਲੀ, ਬਿਹਾਰੀ (ਭੋਜਪੁਰੀ), ਹਿੰਦਵੀ, ਰੇਖਤਾ ਤੇ ਪਛਮੀ ਪਹਾੜੀ ਬੋਲੀਆਂ ਦੇ ਅਨੇਕ ਅੰਸ਼ ਮਿਲ ਜਾਂਦੇ ਹਨ| ਗੁਰੂ ਸਾਹਿਬਾਨ ਨੇ ਆਮ ਲੋਕਾਂ ਦੀ ਭਾਸ਼ਾ ਨੂੰ ਫਲਸਫੇ ਦੀ ਭਾਸ਼ਾ ਬਣਾਇਆ ਹੈ|
ਧਰਮ-ਸ਼ਾਸਤਰੀ (ਵੀਕਰ;ਰਪਜਫ.;) ਪਹੁੰਚ ਪਖੋਂ ਧਾਰਮਿਕ ਭਾਸ਼ਾ ਦਾ ਇਕ ਵਖਰਾ ਸੰਦਰਭ ਹੈ| ਧਰਮ ਦੀ ਭਾਸ਼ਾ, ਆਮ ਭਾਸ਼ਾ ਨਹੀਂ ਹੁੰਦੀ, ਉਸ ਦਾ ਗਹਿਰਾ ਪਿਛੋਕੜ ਤੇ ਅਰਥ ਹੁੰਦਾ ਹੈ| ਸ਼ਰਧਾ, ਭਾਵਨਾ ਤੇ ਪਵਿਤਰਤਾ ਇਸ ਦਾ ਪਰਿਭਾਸ਼ਕ ਲਛਣ ਹੈ| ਧਾਰਮਿਕ ਭਾਵਨਾ ਹੇਠ ਹੀ ਉਸ ਵਿਚ ਸ਼ੁਧਤਾ
ੇ ਸਤਿਕਾਰ ਬਰਾਬਰ ਜੁੜੇ ਰਹਿੰਦੇ ਹਨ| ਇਸ ਦੀ ਲਾਜ਼ਮੀ ਸ਼ਰਤ, ਉਸ ਨੂੰ ਮੰਨਣ ਵਾਲਿਆਂ ਦਾ ਉਸ ਵਿਚ ਪੂਰਨ ਵਿਸ਼ਵਾਸ਼ ਹੁੰਦਾ ਹੈ| ਧਾਰਮਿਕ ਭੈ-ਭਾਵਨਾ ਤਹਿਤ ਧਰਮ ਸੰਰਚਨਾ ਦੇ ਵਿਸ਼ੇਸ਼ ਅਰਥ ਹੁੰਦੇ ਹਨ ਤੇ ਉਸ ਵਿਚ ਆਪਣੇ ਹੀ ਨੇਮ ਵਰਤੀਣ ਲਗਦੇ ਹਨ| ਇਸ ਹਵਾਲੇ ਵਿਚ ਧਰਮ ਗ੍ਰੰਥ ਦੀ ਭਾਸ਼ਾ ਆਪਣੇ ਆਪ ਹੀ ਸੰਪੂਰਨ ਤੇ ਵਿਸ਼ੇਸ਼ ਹੋਣ ਦਾ ਪ੍ਰਸੰਗ ਗ੍ਰਹਿਣ ਕਰ ਲੈਂਦੀ ਹੈ| ਗੁਰਬਾਣੀ ਧਰਮ-ਲੋਕ ਦੀ ਵਸਤੂ ਹੈ, ਇਸ ਪ੍ਰਸੰਗ ਵਿਚ ਗੁਰਬਾਣੀ ਭਾਸ਼ਾ ਚਿੰਨ੍ਹਮਈ ਹੈ ਤੇ ਜੀਵਨ ਦੇ ਗਹਿਰੇ ਅਨੁਭਵ ਵਿਚੋਂ ਉਤਰੀ ਹੈ| ਇਸ ਦੇ ਹਰ ਸ਼ਬਦ/ਵਾਕ ਦਾ ਪ੍ਰਸੰਗ ਧਾਰਮਿਕ ਹੈ, ਇਸ ਦੀ ਸਿਰਜਨਾ ਸਮਾਜਿਕ-ਸਭਿਆਚਾਰਕ ਧਰਾਤਲਾਂ ਵਿਚੋਂ ਨਹੀਂ ਪਛਾਣੀ ਜਾ ਸਕਦੀ|
ਕਾਵਿ-ਸ਼ਾਸਤਰੀ ਪਹੁੰਚ ਰਾਹੀਂ ਗੁਰਬਾਣੀ ਭਾਸ਼ਾ ਦੀ ਗੰਭੀਰਤਾ, ਪ੍ਰੋੜ੍ਹਤਾ, ਅਨੁਕੂਲਤਾ, ਰਵਾਨੀ, ਲੈਆਤਮਕਤਾ ਆਦਿ ਪਖਾਂ ਦੇ ਨਾਲ-ਨਾਲ ਉਸ ਦੇ ਆਮ (ਬੋਲਚਾਲ ਦੀ) ਭਾਸ਼ਾ ਨਾਲੋਂ ਫਰਕ ਪਛਾਣੇ ਜਾਂਦੇ ਹਨ| ਬਾਣੀ ਕਾਵਿ ਇਕ ਵਿਸ਼ਿਸ਼ਟ ਪ੍ਰਕਾਰ ਦੀ ਭਾਸ਼ਾਈ-ਸਿਰਜਣਾ ਹੈ| ਬਾਣੀ ਸੁਹਜ ਦਾ ਪ੍ਰਗਟਾਵਾ ਕਾਵਿ-ਭਾਸ਼ਾ ਦੇ ਸੂਖਮ ਤੇ ਰਚਨਾਤਮਕ ਪਖਾਂ ਨਾਲ ਜੋੜ ਕੇ ਹੀ ਹੋ ਸਕਦਾ ਹੈ| ਇਹ ਬਾਣੀਕਾਰਾਂ ਦੇ ਅਨੁਭਵ ਦਾ ਸੰਚਾਰ ਹੈ| ਗੁਰਬਾਣੀ ਕਾਵਿ-ਰੂਪ ਹੋਣ ਕਾਰਨ ਇਸ ਦੀ ਭਾਸ਼ਾ ਆਮ ਭਾਸ਼ਾ ਦੇ ਮੁਕਾਬਲਤਨ ਵਿਸ਼ੇਸ਼ ਤੇ ਵਿਲਖਣ ਸੁਭਾਅ ਦੀ ਹੈ| ਜਦੋਂ ਕਿਸੇ ਭਾਸ਼ਾ ਵਿਚੋਂ ਕਿਸੇ ਕਵੀ ਦਾ ਮੌਲਿਕ ਮੁਹਾਂਦਰਾ ਭਾਲਣ ਦੀ ਗੱਲ ਹੁੰਦੀ ਹੈ ਤਾਂ ਉਦੋਂ ਕਾਵਿ-ਭਾਸ਼ਾ ਦੀ ਗੱਲ ਹੀ ਹੋ ਰਹੀ ਹੁੰਦੀ ਹੈ| ਕਾਵਿ-ਭਾਸ਼ਾ ਭਾਵਾਤਮਕ ਹੁੰਦੀ ਹੈ; ਭਾਸ਼ਾਈ ਤਾਜ਼ਗੀ ਤੇ ਮੌਲਿਕਤਾ ਇਸ ਦੇ ਜਰੂਰੀ ਗੁਣ ਹਨ|
ੌਂਦਰਯ ਅਨੁਭੂਤੀ ਪਾਠਕਾਂ/ਸ੍ਰੋਤਿਆਂ ਵਿਚ ਪੈਦਾ ਕਰਨਾ ਬਾਣੀ ਕਾਵਿ-ਭਾਸ਼ਾ ਦਾ ਇਕ ਵਿਸ਼ੇਸ਼ ਲਛਣ ਹੈ| ਬਾਣੀ ਕਾਵਿ-ਭਾਸ਼ਾ ਦੀ ਇਕ ਵਿਸ਼ੇਸ਼ ਲੈਆਤਮਕਤਾ ਤੇ ਕਲਪਨਾਤਮਕਤਾ ਹੈ| ਬਾਣੀ ਕਾਵਿ ਦੇ ਗੁਣ -ਲੈਅ, ਸੰਗੀਤ, ਚਿਤ੍ਰਾਤਮਕਤਾ- ਸਭ ਭਾਸ਼ਾਈ ਗੁਣ ਹੀ ਹਨ, ਪਰ ਇਹ 'ਪ੍ਰਭਾਵ' ਰੂਪ ਵਿਚ ਵਖਰੇ ਵੀ ਪਛਾਣੇ ਜਾ ਸਕਦੇ ਹਨ| ਇਸੇ ਕਰਕੇ ਇਸ ਵਿਚਲੇ ਸ਼ਬਦ, ਸ਼ਬਦੀ-ਅਰਥ ਨਾ ਦੇ ਕੇ ਵਿਅੰਜਿਤ ਅਰਥ ਦਿੰਦੇ ਹਨ| ਕਾਵਿ-ਸ਼ਾਸਤਰੀ ਪ੍ਰਸੰਗ ਵਿਚ ਬਾਣੀ ਦੇ ਕੋਸ਼ਗਤ ਅਰਥ
ਿਰਤਾਂਤਾਂ ਤੇ ਪ੍ਰਸੰਗਾਂ ਉਪਰ ਅਧਾਰਿਤ ਹਨ, ਵਿ-ਉਤਪਤੀ ਉਪਰ ਨਹੀਂ| ਇਸ ਪ੍ਰਸੰਗ ਵਿਚ ਗੁਰਬਾਣੀ ਅਰਥ ਵਧੇਰੇ ਕਰਕੇ ਮੁਲ-ਸੂਚਕ ਹਨ, ਇਨ੍ਹਾਂ ਨਾਲ ਸਾਡੀ ਭਾਵੁਕ/ਮਾਨਸਿਕ ਸਾਂਝ ਹੈ| ਇਸ ਵਿਚਲੇ ਸ਼ਬਦਾਂ ਦਾ ਇਕ ਸਿਧਾਂਤਕ ਤੇ ਇਤਿਹਾਸਕ ਪਰਿਪੇਖ ਹੈ, ਇਹ ਵਤੀਰੇ ਤੇ ਕੀਮਤਾਂ ਨਾਲ ਜੁੜੇ ਹੋਏ ਹਨ| ਇਨ੍ਹਾਂ ਦਾ ਸੰਬੰਧ ਬਾਣੀਕਾਰ ਦੇ ਆਤਮ-ਜਗਤ ਨਾਲ ਜੁੜਿਆ ਹੋਇਆ ਹੈ| ਸਾਡੇ ਉਤੇ ਆਮ ਭਾਸ਼ਾਈ ਸ਼ਬਦਾਂ ਨਾਲੋਂ ਬਾਣੀ ਕਾਵਿਕ-ਸ਼ਬਦਾਂ ਦਾ ਵਖਰਾ ਪ੍ਰਭਾਵ ਪੈਂਦਾ ਹੈ, ਇਹ ਪ੍ਰਭਾਵ ਵਧੇਰੇ ਠੋਸ, ਅਮੀਰ ਤੇ ਟਿਕਾਊ ਹੁੰਦਾ ਹੈ| ਕਾਵਿ-ਰੂਪ ਬਾਣੀ ਭਾਸ਼ਾ, ਆਮ ਭਾਸ਼ਾ ਦੇ ਮੁਕਾਬਲੇ, ਬਹੁ-ਪਰਤੀ ਹੈ| ਇਸੇ ਬਹੁ-ਪਰਤੀ ਪ੍ਰਕਿਰਤੀ ਵਿਚ ਹੀ ਕਲਾਤਮਕਤਾ ਤੇ ਸੁਹਜਾਤਮਕਤਾ ਸ਼ਾਮਿਲ ਹੈ, ਜਿਸ ਦਾ ਪ੍ਰਭਾਵ ਪੈਂਦਾ ਹੈ, ਜਿਸ ਦੀਆਂ ਅਰਥ ਤੈਹਾਂ, ਇਕ ਤੋਂ ਵਧੇਰੇ ਹਨ| ਇਸੇ ਕਰਕੇ ਬਾਣੀ ਕਾਵਿ-ਭਾਸ਼ਾ ਕੇਵਲ ਸੰਚਾਰ ਹੀ ਨਹੀਂ ਕਰਦੀ, ਪ੍ਰਭਾਵਿਤ ਤੇ ਪ੍ਰੇਰਿਤ ਵੀ ਕਰਦੀ ਹੈ| ਕਾਵਿ-ਰੂਪ ਹੋਣ ਕਾਰਨ ਬਾਣੀ ਭਾਸ਼ਾ ਸਿਰਜਨਾਤਮਕ/ਰਚਨਾਤਮਕ ਹੈ, ਜਦਕਿ ਆਮ ਭਾਸ਼ਾ ਸੂਚਨਾਤਮਕ ਹੁੰਦੀ ਹੈ| ਜੋ ਤਰਕ/ਜੁਗਤਾਂ ਆਮ/ਵਿਗਿਆਨ ਭਾਸ਼ਾ ਲਈ ਫਾਲਤੂ ਹਨ (ਜਿਵੇਂ ਅਲੰਕਾਰ, ਰੂਪਕ, ਛੰਦ, ਪ੍ਰਤੀਕ...), ਉਹ ਕਾਵਿ-ਭਾਸ਼ਾ ਦਾ ਸ਼ਿੰਗਾਰ ਹਨ| 'ਫਾਲਤੂ' ਤੇ 'ਲਾਜ਼ਮ' ਦਾ ਬੁਨਿਆਦੀ ਫਰਕ ਕਾਵਿ-ਭਾਸ਼ਾ ਨੂੰ ਆਮ ਭਾਸ਼ਾ ਤੋਂ ਨਿਖੇੜ ਦਿੰਦਾ ਹੈ| ਆਮ ਭਾਸ਼ਾ ਵਿਚ ਵਿਰੋਧਾਭਾਸਕ (ਬ.ਗ.ਦਰਘਜਫ.; ਤਵ.ਵਕਠਕਅਵਤ) ਸਮਸਿਆ ਖੜ੍ਹੀ ਕਰਦੇ ਹਨ, ਪਰ ਬਾਣੀ ਕਾਵਿ-ਭਾਸ਼ਾ ਵਿਚ ਵਿਰੋਧਾਭਾਸ, ਸੁਹਜ ਦੇ ਨਾਲ ਬਹੁ-ਪਰਤੀ ਚੇਤਨਾ ਬਖਸ਼ਦੇ ਹਨ| ਆਮ ਜਾਂ ਮਿਆਰੀ ਭਾਸ਼ਾ ਵਿਚ ਭਾਸ਼ਾ ਦੇ ਪ੍ਰਤਿਮਾਨਾਂ ਨੂੰ ਤੋੜਿਆ ਨਹੀਂ ਜਾਂਦਾ, ਜਦਕਿ ਬਾਣੀ ਇਨ੍ਹਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਦੀ| ਇਸੇ ਪ੍ਰਸੰਗ ਵਿਚ ਬਹੁਤ ਸਾਰੇ ਵਿਆਕਰਨਕ ਨਿਯਮ ਗੁਰਬਾਣੀ ਉਤੇ ਉਸ ਤਰ੍ਹਾਂ ਲਾਗੂ ਨਹੀਂ ਹੁੰਦੇ, ਜਿਵੇਂ ਉਹ ਆਮ ਭਾਸ਼ਾ ਉਤੇ ਲਾਗੂ ਹੁੰਦੇ ਹਨ| ਕਾਵਿ-ਭਾਸ਼ਾ ਉਸਦੇ ਵਿਸ਼ੇ (ਤਚਲਹਕਫਵ) ਅਨੁਸਾਰ ਢਲੀ ਹੁੰਦੀ ਹੈ, ਭਾਵ ਜੇ ਵਿਸ਼ਾ 'ਪਰਮਸਤਿ' ਹੈ ਜਿਵੇਂ ਗੁਰਬਾਣੀ
ਾ, ਤਾਂ ਭਾਸ਼ਾ ਦਾ ਸਰੂਪ ਇਸ਼ਕੀਆ (ਜਿਵੇਂ ਕਿੱਸਾ ਕਾਵਿ) ਵਿਸ਼ੇ ਵਾਲੀ ਕਵਿਤਾ ਨਾਲੋਂ ਭਿੰਨ ਹੋਵੇਗਾ|
ਵਿਆਕਰਨ
ਭਾਸ਼ਾ ਇਕ ਸਾਰਥਕ ਚਿੰਨ੍ਹ-ਪ੍ਰਬੰਧ ਹੈ ਤੇ ਇਸ ਦਾ ਪ੍ਰਬੰਧ-ਰੂਪ ਹੋਣਾ, ਕਿਸੇ ਨਿਯਮਾਂਵਲੀ ਅਧਾਰਿਤ ਹੋਣਾ ਹੈ| ਇਸ ਤਰ੍ਹਾਂ ਸੌਖੇ ਅਰਥਾਂ ਵਿਚ ਇਹ ਨੇਮਾਵਲੀ ਹੀ ਵਿਆਕਰਨ ਹੈ| ਗੁਰਬਾਣੀ ਭਾਸ਼ਾ ਦੀ ਧੁਨੀ, ਜੋ ਮੁਢਲੀ ਇਕਾਈ ਹੈ, ਉਸ ਦੀ ਸਾਰਥਕਤਾ: ਵਿਆਕਰਨਕ ਇਕਾਈਆਂ: ਭਾਵੰਸ਼, ਸ਼ਬਦ, ਵਾਕੰਸ਼, ਉਪਵਾਕ; ਵਿਆਕਰਨਕ ਸ਼ਬਦ-ਸ਼੍ਰੇਣੀਆਂ: ਨਾਂਵ, ਪੜਨਾਂਵ, ਕਿਰਿਆ, ਵਿਸ਼ੇਸ਼ਣ; ਵਿਆਕਰਨਕ ਪਰਵਰਗਾਂ: ਲਿੰਗ, ਵਚਨ, ਕਾਲ, ਕਾਰਕ ਆਦਿ ਦੇ ਸੰਦਰਭ ਵਿਚ ਹੀ ਉਜਾਗਰ ਹੁੰਦੀ ਹੈ| ਇਸ ਪ੍ਰਸੰਗ ਵਿਚ ਗੁਰਬਾਣੀ ਭਾਸ਼ਾ ਦੀ ਤਹਿ ਹੇਠਲੇ ਕੰਮ ਕਰ ਰਹੇ ਨਿਯਮਾਂ ਦੀ ਵਿਉਂਤਬਧ ਤਲਾਸ਼ ਦਾ ਨਾਂ ਵਿਆਕਰਨ ਹੈ| ਇਹ ਬਾਣੀ ਭਾਸ਼ਾ ਦੀਆਂ ਧੁਨੀਆਂ/ਸ਼ਬਦਾਂ ਤੇ ਵਾਕਾਂ/ਤੁਕਾਂ ਦਾ ਅਧਿਐਨ ਕਰਦੀ ਹੈ ਅਤੇ ਲਿਖਤ ਵਿਚਲੇ ਲਿਖਤੀ/ਉਚਰਿਤ ਨਿਯਮਾਂ ਨੂੰ ਲਭਦੀ ਹੈ| ਬਾਣੀ ਵਿਆਕਰਨ ਦਾ ਸੰਬੰਧ ਸ਼ਬਦ ਦੇ 'ਵਰਣਾਤਮਕ' ਰੂਪ ਨਾਲ ਹੈ| ਇਹ 'ਪਦ' ਦਾ ਸਰੂਪ (ਨਾਂਵ, ਲਿੰਗ, ਵਿਸ਼ੇਸ਼ਣ) ਦਸਦੀ ਤੇ ਅਰਥ ਨਿਰਣਾ ਕਰਨ ਅਥਵਾ ਦਿਸ਼ਾ ਦੇਣ ਵਿਚ ਮਦਦ ਕਰਦੀ ਹੈ| ਬਾਣੀ ਵਾਕਾਂ/ ਸਬਦਾਂ ਦੀ ਸਮ-ਅਰਥਾ ਤੇ ਵਿਭਿੰਨਤਾ ਵਿਆਕਰਨਕ ਵਿਸ਼ਲੇਸ਼ਣ ਰਾਹੀਂ ਹੀ ਪ੍ਰਗਟ ਹੁੰਦੀ ਹੈ| ਬਾਣੀ ਵਿਆਕਰਨ ਕੋਈ ਬਾਹਰੋਂ ਥੋਪੀ ਹੋਈ ਵਸਤ, ਨੇਮਾਵਲੀ ਜਾਂ ਠੱਪਾ ਨਹੀਂ (ਜਿਹਾ ਕਿ ਅਕਸਰ ਸਮਝ ਲਿਆ ਜਾਂਦਾ ਹੈ), ਇਹ ਬਾਣੀ
ੀ ਸੰਰਚਨਾ ਵਿਚੋਂ ਤਲਸ਼ਿਆ ਹੋਇਆ ਨੇਮਬਧ ਪ੍ਰਬੰਧ ਹੈ| ਬਾਣੀ ਦੀ ਪਦ-ਵੰਡ ਕਰਨੀ, ਕੋਸ਼ੀ ਇਕਾਈਆਂ ਨਿਰਧਾਰਤ ਕਰਨਾ, ਬਣਤਰ ਤਲਾਸ਼ਣੀ ਆਦਿ ਸਭ ਵਿਆਕਰਨ ਦਾ ਹੀ ਕੰਮ ਹੈ|
ਉਚਾਰਨ
ਦੁਨੀਆ ਦੇ ਧਰਮ ਗ੍ਰੰਥਾਂ ਦੀਆਂ ਪਾਠ ਪਰੰਪਰਾਵਾਂ ਵਿਚ ਉਚਾਰਨ, ਹਰ ਲਫ਼ਜ਼/ਲਗ-ਮਾਤ੍ਰ ਤਕ ਕੀਤੇ ਜਾਣ ਦੀ ਵਿਵਸਥਾ ਹੈ| ਇਹ ਨਿਰਾ ਭਾਸ਼ਾ/ਧੁਨੀ-ਵਿਗਿਆਨਕ ਮਸਲਾ ਨਹੀਂ, ਧਰਮ-ਸ਼ਾਸਤਰੀ (ਵੀਕਰ;ਰਪਜਫ.;) ਵੀ ਹੈ| ਧਰਮ-ਸ਼ਾਸਤਰੀ ਦ੍ਰਿਸ਼ਟੀ ਤੋਂ ਧਾਰਮਿਕ ਪਾਠਾਂ ਨੂੰ ਲਿਖਤ, ਉਚਾਰਨ ਜਾਂ ਬੋਲਣ ਵਿਚ ਮੂਲ ਪਧਰ ਉਤੇ ਕਾਇਮ ਰਖਿਆ ਜਾਂਦਾ ਹੈ| ਬਾਣੀ ਉਚਾਰਨ ਨੂੰ 'ਪਾਠ ਕਰਨਾ' ਕਿਹਾ ਜਾਂਦਾ ਹੈ| ਸ਼ਬਦ/ਪਦ ਨੂੰ ਪ੍ਰਾਪਤ ਪੂਰੀਆਂ ਧੁਨੀਆਂ ਅਨੁਸਾਰ ਬੋਲਣਾ, ਜਿਸ ਵਿਚ ਨਾ ਕੋਈ ਧੁਨੀ ਛਡੀ ਜਾਵੇ ਤੇ ਨਾ ਹੀ ਲਾਈ ਜਾਵੇ, ਬਾਣੀ ਦੇ (ਸ਼ੁਧ) ਉਚਾਰਨ ਦੀ ਪਰਿਭਾਸ਼ਾ ਹੈ| ਸੋ ਉਚਾਰਨ ਬਾਣੀ ਪਾਠ ਦੇ ਲਿਖਤ ਰੂਪ ਅਨੁਸਾਰ, ਪਾਠ ਮੂਲਕ ਕਰਨ ਦਾ ਵਿਧਾਨ ਹੀ ਬਣਦਾ ਹੈ|
ਗੁਰਬਾਣੀ ਵਿਚ ਮੁਖ ਤੌਰ ਉਤੇ 32 ਵਿਅੰਜਨ ਅਤੇ 11 ਸ੍ਵਰ (10+1 ? ੋ> ਦੋ-ਲਗਾਂ ਇਕਾਈ ਰੂਪ ਵਿਚ) ਹਨ, ਜੋ ਪੂਰੀ ਤਰ੍ਹਾਂ ਬਾਣੀ ਭਾਵ ਪ੍ਰਗਟ ਕਰਨ ਅਤੇ ਲਿਖਤ ਨੂੰ ਉਚਾਰਨ ਵਿਚ ਪੇਸ਼ ਕਰਨ ਦੇ ਸਮਰਥ ਹਨ| ਉਚਾਰਨ ਵਿਚ ਇਨ੍ਹਾਂ ਧੁਨੀਆਂ ਉਤੇ ਹੀ ਨਿਰਭਰ ਰਿਹਾ ਜਾਵੇਗਾ| ਬਾਣੀ ਦੀ ਲਗਪਗ ਸਾਰੀ ਸ਼ਬਦਾਵਲੀ ਤਦਭਵੀ ਹੈ| ਤਤਸਮੀ ਉਚਾਰਨ ਕਰਨਾ ਧਰਮ-ਸ਼ਾਸਤਰ ਤੇ ਭਾਸ਼ਾ-ਵਿਗਿਆਨ ਦੀ ਦ੍ਰਿਸ਼ਟੀ ਵਿਚ ਉਕਾਈ ਭਰਪੂਰ ਹੈ| ਬਾਣੀ ਵਿਚ 15-ਕੁ ਦੇ ਕਰੀਬ ਭਾਸ਼ਾਵਾਂ ਦੀ ਸ਼ਬਦਾਵਲੀ ਪ੍ਰਾਪਤ ਹੈ| ਸਾਰੀਆਂ ਦਾ ਮੂਲ-ਧੁਨੀਆਂ ਅਨੁਸਾਰ ਤਤਸਮੀ ਉਚਾਰਨ ਕਰਨਾ ਨਾ ਸੰਭਵ ਹੈ ਅਤੇ ਨਾ ਹੀ ਅਜਿਹਾ ਕਿਸੇ ਨੇਮ ਅਧਾਰਿਤ ਹੈ| ਬਾਣੀ ਕਾਵਿ ਵਿਚ ਹੋਣ ਕਾਰਨ, ਇਸ ਦੀ ਆਪਣੀ ਇਕ ਰਵਾਨੀ ਹੈ, ਉਸ ਰਵਾਨੀ ਵਿਚ ਕੋਲੋਂ ਕੋਈ ਧੁਨੀ ਜੋੜ ਕੇ (ਜਿਵੇਂ ਸ਼/ਜ਼) ਜਾਂ ਹਟਾ ਕੇ (ਅੰਤਿਮ ਹ੍ਰਸ‘ ਚਿੰਨ੍ਹ/ਵਿਭਕਤੀ ਪਿਛੇਤਰ), ਰੋਕਾਂ ਪੈਦਾ ਹੋ ਜਾਂਦੀਆਂ ਹਨ| ਮੂਲ ਰਵਾਨੀ ਕਾਇਮ ਰਖਣ ਲਈ ਪਾਠ ਮੂਲਕ (ਜਿਵੇਂ ਲਿਖਿਆ ਹੈ ਤਿਵੇਂ) ਉਚਾਰਨ ਦਾ ਵਿਧਾਨ ਬਣਦਾ ਹੈ| ਬਾਣੀ ਦਾ ਪਾਠ ਮੂਲਕ ਉਚਾਰਨ ਹੀ ਬਾਣੀ ਭਾਸ਼ਾ ਨੂੰ 15-17ਵੀਂ ਸਦੀ ਦੀ ਰਚਨਾ ਸਿਧ ਕਰਦਾ ਹੈ| ਕੁਲ ਮਿਲਾ ਕੇ ਬਾਣੀ ਦੀ ਮੂਲ ਲੈਅ, ਰਵਾਨੀ, ਮੁਹਾਵਰਾ, ਪਾਠ, ਪੁਰਾਤਨਤਾ, ਅਰਥ, ਸ਼ੁਧਤਾ ਆਦਿ ਸਭ ਪਾਠ ਦੇ ਮੌਲਿਕ ਰੂਪ (ਜਿਵੇਂ ਲਿਖਿਆ
ੈ ਤਿਵੇਂ) ਉਤੇ ਆਧਾਰਿਤ ਹੈ| ਸੋ ਠੀਕ ਜਾਂ ਸਹੀ ਉਚਾਰਨ ਦਾ ਭਾਵ, ਬਾਣੀ ਜਿਵੇਂ ਲਿਖੀ ਹੈ, ਤਿਵੇਂ ਪੜ੍ਹਨ ਤੋਂ ਹੈ|
ਵਿਸ਼ਾ ਵਸਤੂ ਅਤੇ ਸਰੂਪ
ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ/ਅਧਿਆਤਮਕਤਾ ਦਾ ਪਾਵਨ ਗ੍ਰੰਥ ਹੈ| ਇਹ ਕਿਸੇ ਕੌਮ ਜਾਂ ਭਾਈਚਾਰੇ ਦਾ ਰਾਜਨੀਤਕ ਜਾਂ ਸਮਾਜਿਕ ਇਤਿਹਾਸ ਨਹੀਂ, ਨਾ ਹੀ ਇਹ ਕਿਸੇ ਸ਼ਾਸਤਰੀ ਕਿਸਮ ਦਾ ਗ੍ਰੰਥ ਹੈ| ਇਹ ਬਾਣੀਕਾਰਾਂ ਦੇ ਧਾਰਮਿਕ ਅਨੁਭਵ ਦਾ ਕਾਵਿ-ਮਈ ਪ੍ਰਗਟਾਵਾ ਹੈ| ਗੁਰੂ ਸਾਹਿਬਾਨ ਤੋਂ ਇਲਾਵਾ ਹੋਰ ਅਨੇਕ ਸੰਤ-ਭਗਤਾਂ, ਗੁਰਸਿਖਾਂ, ਭਟਾਂ ਆਦਿ ਦੀ ਬਾਣੀ
ੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿਚ ਸਮੇਂ, ਸਥਾਨ, ਕੁਲ ਜਾਂ ਸਭਿਆਚਾਰ ਦਾ ਭੇਦ ਹੋਣ ਦੇ ਬਾਵਜੂਦ ਸਭ ਦੀ ਸੁਰ ਸਾਂਝੀ ਹੈ| ਬਾਣੀ ਮੁਹਾਵਰੇ ਵਿਚ 'ਆਤਮਿਕ ਅਧਾਰ' ਉਤੇ ਸਾਰੇ ਇਕ ਸਮਾਨ ਹਨ, ਭਾਵ ਸਮੁਚੀਆਂ ਰਚਨਾਵਾਂ ਦਾ ਦਰਸ਼ਨ (ਬੀਜ;ਰਤਰਬੀਖ) ਤੇ ਆਸ਼ਾ (ਬਚਗਬਰਤਕ) ਇਕੋ ਹੈ| ਇਸ ਦਾ ਇਕ ਕਾਰਨ ਸਾਰੇ ਬਾਣੀਕਾਰਾਂ ਦੇ ਹਿਤ ਸਾਂਝੇ ਹਨ|
ਧਾਰਮਿਕਤਾ ਬਾਣੀ ਦੀ ਕੇਂਦਰੀ ਸੁਰ ਹੈ, ਜਿਸ ਵਿਚ ਪਰਮਸਤਾ, ਸ੍ਰਿਸਟੀ, ਜੀਵ, ਨਾਮ, ਹੁਕਮ, ਮਨ, ਹਉਮੈ ਆਦਿ ਜਿਹੇ ਦੈਵੀ-ਸੰਕਲਪ ਵਿਆਪਕ ਰੂਪ ਵਿਚ ਵਿਦਮਾਨ ਹਨ| ਡੂੰਘੇ ਅਤੇ ਗੂੜ੍ਹ ਅਧਿਆਤਮਵਾਦ ਨਾਲ ਦਿਸਦੇ ਜਗਤ-ਪਰਪੰਚ ਵਿਚ ਵਰਤ ਰਹੇ ਅਗੰਮੀ ਹੁਕਮ ਦਾ ਰਹਸ, ਜਿਸ ਨੂੰ 'ਨਾਮ' ਕਿਹਾ ਹੈ, ਇਸ ਦਾ ਮੁਖ ਪਛਾਣ-ਚਿੰਨ੍ਹ ਹੈ, ਪਰ ਰਹਸਵਾਦ ਜਾਂ ਆਤਮਿਕ ਸਰੋਕਾਰਾਂ ਦੀ ਬਹੁਲਤਾ ਦੇ ਬਾਵਜੂਦ ਇਸ ਵਿਚ ਸਮਾਜ ਦੀਆਂ ਗਲਤ ਕੀਮਤਾਂ ਦੀ ਆਲੋਚਨਾ ਦਾ ਅੰਸ਼ ਵਿਸ਼ੇਸ਼ ਹੈ| ਦਾਰਸ਼ਨਿਕਤਾ ਦੇ ਗੰਭੀਰ ਪਹਿਲੂਆਂ ਨੂੰ ਛੋਹੇ ਹੋਣ ਦੇ ਬਾਵਜੂਦ ਬਾਣੀ 'ਦਰਸ਼ਨ' ਨਹੀਂ, ਇਹ ਦਰਸ਼ਨ ਨਾਲੋਂ ਵਧੇਰੇ ਜੀਵਨ-ਜਾਚ ਹੈ; ਦੂਜੇ ਸ਼ਬਦਾਂ ਵਿਚ ਗੁਰਬਾਣੀ ਜੀਵਨ-ਜਾਚ ਦਾ ਦਰਸ਼ਨ ਹੈ| ਪ੍ਰਕਿਰਤੀ ਵਜੋਂ ਅਸੰਪ੍ਰਦਾਇਕ ਬਾਣੀ ਮਨੁਖੀ ਜੀਵਨ ਨੂੰ ਸਰਬੰਗੀ ਸੰਤੁਲਨ ਬਖਸ਼ਦੀ ਹੈ| ਇਸ ਨੇ ਰਸਮਾਂ, ਰੀਤਾਂ, ਪਾਖੰਡਾਂ,
ਭੇਖਾਂ, ਕਰਮਕਾਂਡਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ| ਇਸ ਤਰ੍ਹਾਂ ਗੁਰਬਾਣੀ ਪ੍ਰਕਿਰਤੀ ਵਿਚ ਧਰਮ, ਦਰਸ਼ਨ, ਕਾਵਿ ਤੇ ਸੰਗੀਤ ਦਾ ਅਲੌਕਿਕ ਸੁਮੇਲ ਹੈ| ਇਸ ਦੇ ਸਾਰੇ ਭਾਸ਼ਾਈ ਸੰਕੇਤ (ਫਰਦਕ) ਲੌਕਿਕ ਹਨ, ਪਰ ਵਸਤੂ ਅਲੌਕਿਕ ਹੈ| ਗੁਰਬਾਣੀ ਦਾ ਸਮੁਚਾ ਮੁਹਾਵਰਾ ਤੇ ਪ੍ਰਗਟਾ-ਸੁਰ ਆਸਥਾ ਤੇ ਭਰੋਸੇ ਵਾਲੀ ਹੈ| ਸੰਬੋਧਤ ਵਰਗ ਨਾਲ ਬੌਧਿਕ, ਮਾਨਸਿਕ, ਆਤਮਿਕ ਤੇ ਜਜਬਾਤੀ ਸਾਂਝ ਹੈ| ਇਹ ਸਾਂਝ ਸਥਾਈ, ਬੁਨਿਆਦੀ ਅਤੇ ਸਦੀਵੀ ਕਿਸਮ ਦੀ ਹੈ|
ਕਲਾਤਮਿਕਤਾ (;ਜਵਗ.ਗਖ .ਤਬਕਫਵ)
ਸਮੁਚੀ ਗੁਰਬਾਣੀ ਕਾਵਿ-ਰੂਪ ਹੈ| ਇਹ ਕਾਵਿ ਆਪਣੇ ਸਰੂਪ ਤੇ ਵਸਤੂ ਕਾਰਨ ਭਾਵੇਂ ਲੌਕਿਕ ਕਾਵਿ ਨਹੀਂ (ਇਹੁ ਤਉ ਬ੍ਰਹਮ ਬੀਚਾਰ, 335), ਪਰ ਇਸ ਦੀਆਂ ਰੂੜ੍ਹੀਆਂ ਕਾਵਿਗਤ ਹੋਣ ਕਾਰਨ ਇਸ ਦਾ ਸਾਹਿਤਕ ਪਖ ਉਜਾਗਰ ਹੁੰਦਾ ਹੈ|
ਕਾਵਿਕ ਸੰਗਠਨ ਵਜੋਂ ਗੁਰਬਾਣੀ ਵਿਚ ਜਿੰਨੀਆਂ ਵੀ ਰੂੜ੍ਹੀਆਂ ਜਾਂ ਜੁਗਤਾਂ ਦੀ ਵਰਤੋਂ ਹੋਈ ਹੈ, ਉਹ ਸਹਿਜ ਭਾਵੀ ਹੈ, ਉਚੇਚ-ਮੁਖ ਨਹੀਂ, ਭਾਵ ਬਾਣੀ ਵਿਚ ਵਰਤੇ ਗਏ ਬਿੰਬ, ਅਲੰਕਾਰ ਆਦਿ ਕਿਸੇ ਕਿਸਮ ਦਾ ਕਾਵਿ-ਚਮਤਕਾਰ ਪੈਦਾ ਕਰਨ ਲਈ ਨਹੀਂ ਵਰਤੇ ਗਏ, ਇਹ ਸਿਰਜਤ ਸੁਨੇਹੇ ਦਾ ਸੰਚਾਰ ਕਰਨ ਲਈ ਜਿਥੇ ਮਾਧਿਅਮ ਹਨ, ਉਥੇ ਇਹ ਇਕ ਆਪਣੀ ਤਰ੍ਹਾਂ ਦਾ 'ਸੁਹਜ' ਪੈਦਾ ਕਰਦੇ ਅਤੇ ਇਕ ਨਵੀਂ ਕਾਵਿ-ਵਿਧਾ ਦਾ ਰੂਪ ਸਿਰਜਦੇ ਹਨ| ਵਰਤੇ ਗਏ ਸਾਹਿਤਕ ਕਾਵਿ-ਰੂਪਾਂ ਵਿਚ ਥਿਤੀ, ਪਟੀ, ਬਾਵਨ ਅਖਰੀ, ਅਸਟਪਦੀ, ਸਲੋਕ, ਪਦੇ, ਰੁਤੀ ਆਦਿ; ਅਤੇ ਲੋਕ ਕਾਵਿ-ਰੂਪਾਂ ਵਿਚ ਬਾਰਹਮਾਹਾ, ਘੋੜੀਆ, ਬਿਰਹੜੇ, ਵਾਰ, ਵਣਜਾਰਾ, ਅੰਜੁਲੀਆ ਆਦਿ ਸ਼ਾਮਿਲ ਹਨ| ਬਾਣੀਕਾਰਾਂ ਦੁਆਰਾ ਸ੍ਵੈ-ਸਿਰਜਤ ਬਾਣੀ-ਪ੍ਰਬੰਧ ਰੂਪਾਂ ਵਿਚ ਜਪੁ, ਸੁਖਮਨੀ, ਅਨੰਦੁ, ਓਅੰਕਾਰੁ, ਕੁਚਜੀ, ਸੁਚਜੀ, ਮੁੰਦਾਵਣੀ ਆਦਿ ਸ਼ਾਮਿਲ ਹਨ
ਗੁਰਬਾਣੀ ਦਾ ਸਾਹਿਤਕ ਪਖ, ਹਕੀਕੀ ਤੌਰ ਉਤੇ ਧਰਮ-ਸ਼ਾਸਤਰ (ਵੀਕਰ;ਰਪਖ)ਦੇ ਖੇਤਰ ਨਾਲ ਸੰਬੰਧਿਤ ਹੈ, ਜਿਹੜਾ ਸ਼ਾਇਰੀ ਤੇ ਸੰਗੀਤ ਦੇ ਮਾਧਿਅਮ ਰਾਹੀਂ ਜਗਿਆਸੂ/ ਪਾਠਕ/ ਸਰੋਤੇ/ ਸਗਲ ਜਹਾਨ ਨੂੰ ਸੰਬੋਧਿਤ ਹੈ, ਪਰ ਇਹ ਨਿਰਾ ਮਾਧਿਅਮ ਨਹੀਂ, ਇਹ ਬਾਣੀਕਾਰਾਂ ਦੀ ਲੋਕ ਜੀਵਨ ਤੇ ਇਸ ਦੀ ਸ਼ਾਇਰੀ, ਸੰਗੀਤ ਨਾਲ ਪ੍ਰਤੀਬਧਤਾ ਦਾ ਲਖਾਇਕ ਵੀ ਹੈ| ਇਸੇ ਪ੍ਰਸੰਗ ਵਿਚ ਹੀ ਗੁਰਬਾਣੀ ਵਿਚਲੀਆਂ ਸਾਹਿਤਕ ਰੂੜ੍ਹੀਆਂ (ਚਿੰਨ੍ਹ, ਪ੍ਰਤੀਕ, ਬਿੰਬ, ਅਲੰਕਾਰ,ਰਸ...) ਨੂੰ ਕੇਵਲ ਰੂਪਕ-ਰਚਨਾ ਜਾਂ ਸੰਚਾਰ ਜੁਗਤ ਤਕ ਸੀਮਿਤ ਨਹੀਂ ਰਖਿਆ ਜਾ ਸਕਦਾ, ਇਨ੍ਹਾਂ ਦੇ ਉਪਮਾਨ ਬਾਣੀਕਾਰਾਂ ਦੀਆਂ ਰੀਝਾਂ, ਸਧਰਾਂ ਜਾਂ ਉਦੇਸ਼ਾਂ ਤੋਂ ਵਖ ਨਹੀਂ| ਹਰੇਕ ਬਿੰਬ ਦੀ ਸਿਰਜਨਾ ਪਿਛੇ ਰਚੈਤਾ ਤੇ ਉਸ ਦੇ ਸਮੁਚੇ ਭਾਈਚਾਰੇ/ ਕੌਮ ਦੀਆਂ ਰੀਝਾਂ ਜਾਂ ਸੁਪਨਿਆਂ ਦਾ ਹਥ ਹੁੰਦਾ ਹੈ| ਗੁਰਬਾਣੀ ਦਾ ਲੋਕ-ਧਾਰਾ, ਸੰਗੀਤ, ਸ਼ਾਇਰੀ ਆਦਿ ਨਾਲ ਡੂੰਘੇਰਾ ਰਿਸ਼ਤਾ ਹੋਣ ਕਾਰਨ ਇਸ ਦਾ ਸਾਹਿਤਕ-ਪਖ ਗੁਰਬਾਣੀ ਦਰਸ਼ਨ ਦੇ ਸਮਾਨੰਤਰ ਹੀ ਮਹਤਾਯੋਗ ਹੈ, ਜਿਹੜਾ ਬਾਣੀ ਪ੍ਰਵਚਨ ਨੂੰ ਜਗਿਆਸੂ ਦੇ ਹਿਰਦੇ-ਭਾਵ ਤਕ ਸੰਚਾਰਿਤ ਕਰਦਾ ਹੈ| ਸੋ ਗੁਰਬਾਣੀ ਦਾ ਸਾਹਿਤਕ ਰੰਗ, ਇਸ ਦੇ ਧਰਮ-ਰੰਗ ਦਾ ਹੀ ਦੂਜਾ ਪਾਸਾ ਹੈ|
ਰੁਤਬਾ
ਸਿਖ ਧਰਮ ਵਿਚ 'ਸਬਦ' ਨੂੰ 'ਗੁਰੂ' ਦਾ ਦਰਜਾ ਪ੍ਰਾਪਤ ਹੈ, ਦੂਜੇ ਸਬਦਾਂ ਵਿਚ ਗੁਰਬਾਣੀ ਦਾ ਸੰਗ੍ਰਹਿ 'ਗ੍ਰੰਥ ਸਾਹਿਬ' ਗੁਰੂ ਹੈ, ਜਿਸ ਨੂੰ ਦਸਮ ਪਾਤਸ਼ਾਹ ਵਲੋਂ 'ਗੁਰਿਆਈ' ਬਖਸ਼ੀ ਗਈ| ਸਿਖੀ ਵਿਚ 'ਗੁਰਿਆਈ' ਇਕ ਸੰਸਥਾ, ਸਿਧਾਂਤ ਅਤੇ ਵਿਸ਼ਵਾਸ਼ ਪਖੋਂ ਸਥਾਪਿਤ ਪਰੰਪਰਾ ਹੈ| ਗੁਰਿਆਈ ਸ਼ਬਦ -ਇਕ ਪਦ, ਸਥਿਤੀ, ਰੁਤਬੇ ਜਾਂ ਅਹੁਦੇ ਨੂੰ ਸੰਕੇਤ ਕਰਦਾ ਹੈ, ਜਿਸ ਦਾ ਸੰਬੰਧ ਨਿਰੋਲ ਦਸ ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਨਾਲ ਹੈ| ਬੁਨਿਆਦੀ ਰੂਪ ਵਿਚ ਇਹ ਦਿਬ-ਵਰਤਾਰਾ ਹੈ, ਜਿਸ ਨੂੰ ਸਿਖ ਮੁਹਾਵਰੇ ਵਿਚ 'ਜੋਤਿ ਨਾਲ ਜੋਤਿ' ਦਾ ਮਿਲਨ ਕਿਹਾ ਜਾਂਦਾ ਹੈ| ਦਸਮ ਗੁਰੂ ਜੀ ਦੁਆਰਾ 1708 ਈ. ਨੂੰ ਨੰਦੇੜ ਵਿਖੇ ਗ੍ਰੰਥ ਸਾਹਿਬ ਨੂੰ 'ਗੁਰ' ਪਦ ਨਾਲ ਸਥਾਪਿਤ ਕਰਨ ਦੀ (ਦੈਵੀ) ਕਿਰਿਆ 'ਗੁਰਿਆਈ ਦੇਣੀ' ਹੈ, ਜਿਸ ਦਾ ਭਾਵ ਗੁਰੂ
ਾਹਿਬਾਨ ਦੀ ਆਤਮਿਕ ਜੋਤਿ (ਦੈਵੀ ਗਿਆਨ) ਗ੍ਰੰਥ ਸਾਹਿਬ ਵਿਚ ਸਥਿਤ ਹੈ| ਜ਼ਾਹਰਾ ਰੂਪ ਵਿਚ 'ਗੁਰੂ' ਪਦ ਵੀ ਗੁਰਿਆਈ ਕਿਰਿਆ ਦਾ ਹੀ ਸੰਸਥਾਈ ਰੁਤਬਾ ਹੈ| ਗੁਰਿਆਈ ਵਾਸਤੇ ਗੁਰਗਦੀ, ਗੁਰਤਾ ਆਦਿ ਸ਼ਬਦ ਵੀ ਪ੍ਰਚਲਿਤ ਹਨ, ਪਰ ਠੀਕ 'ਗੁਰਿਆਈ' ਹੀ ਹੈ|
ਇਸ ਪਰਿਪੇਖ ਵਿਚ ਗੁਰੂ ਗ੍ਰੰਥ ਸਾਹਿਬ ਦਾ ਦਰਜਾ, ਸਮੁਚੇ ਪੰਥ ਵਿਚ ਸਭ ਤੋਂ ਸ਼੍ਰੋਮਣੀ ਅਤੇ ਅਤਿ ਸਤਿਕਾਰਯੋਗ ਹੈ| ਇਸ ਦੇ ਰਖ-ਰਖਾਵ ਜਾਂ ਸਾਂਭ ਸੰਭਾਲ ਦਾ ਇਕ ਵਿਉਂਤਬਧ ਸੰਸਥਾਈ ਪ੍ਰਬੰਧ ਹੈ| ਇਸ ਨਾਲ ਇਕ ਵਿਸ਼ੇਸ਼ ਪ੍ਰਕਾਰ ਦੀ ਪਾਵਨਤਾ (ਤ.ਫਗਕਦਅਕਤਤ) ਜੁੜੀ ਹੋਈ ਹੈ| ਸਵੇਰੇ ਗੁਰੂ ਗ੍ਰੰਥ ਸਾਹਿਬ ਦਾ 'ਪ੍ਰਕਾਸ਼' ਕੀਤਾ ਜਾਂਦਾ ਹੈ, ਸ਼ਾਮੀ 'ਸੁਖਾਸਨ'| ਪ੍ਰਕਾਸ਼ ਅਸਥਾਨ ਬਾਕਾਇਦਗੀ ਨਾਲ ਬਹੁਤ ਅਦਬ ਵਿਚ ਹਰੇਕ ਗੁਰਦੁਆਰੇ ਵਿਚ ਸੁਭਾਇਮਾਨ ਹੈ, ਜਿਥੇ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ ਵਿਚ ਸਜਾਇਆ ਜਾਂਦਾ ਹੈ, ਚੌਰ ਹੁੰਦਾ ਹੈ ਅਤੇ ਉਪਰ ਚੰਦੋਆ ਸਜਾਇਆ ਜਾਂਦਾ ਹੈ| ਦਰਬਾਰ ਸਜਦਾ ਹੈ, ਜਿਥੇ ਪਾਠੀ ਤੇ ਸਾਰੀਆਂ ਸੰਗਤਾਂ ਗੁਰੂ ਦੇ ਸਨਮੁਖ ਹੁੰਦੀਆਂ ਹਨ, ਅਖੀਰ ਵਿਚ 'ਹੁਕਮਨਾਮਾ' ਸੁਣਿਆ/ਲਿਆ ਜਾਂਦਾ ਹੈ|
ਗੁਰਬਾਣੀ ਦੀ ਸੇਵਾ ਸੰਭਾਲ ਪ੍ਰਤੀ ਵਿਸ਼ੇਸ਼ ਕਿਸਮ ਦੀ ਸ਼ਰਧਾ-ਭਾਵਨਾ ਇਸ ਦੇ ਮੰਨਣ ਵਾਲਿਆਂ ਵਿਚ ਪਾਈ ਜਾਂਦੀ ਹੈ| ਸਿਖ ਦੇ ਜੀਵਨ ਦਾ ਕੋਈ ਵੀ ਕਾਰਜ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਵਿਚ ਹੀ ਸੰਪੂਰਨ ਹੁੰਦਾ ਹੈ| ਸਿਖਾਂ ਦਾ ਵਿਅਕਤੀਗਤ ਜੀਵਨ ਨਿਤਨੇਮ ਬਾਣੀ ਤੋਂ ਸ਼ੁਰੂ ਹੁੰਦਾ ਹੈ ਤੇ ਸਮਾਪਤੀ ਸੋਹਿਲਾ ਪਾਠ ਨਾਲ| ਸਮਾਜਿਕ ਜੀਵਨ ਦੀਆਂ ਸਾਰੀਆਂ ਰਸਮਾਂ ਜਾਂ ਸੰਸਕਾਰ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿਚ ਹੀ ਸਿਰੇ ਚੜਦੀਆਂ ਹਨ, ਜਿਵੇਂ ਜਨਮ, ਮਿਰਤਕ ਜਾਂ ਅਨੰਦ (ਵਿਆਹ-ਸ਼ਾਦੀ) ਆਦਿ| ਪੰਥਕ ਪਧਰ ਦੇ ਸਾਰੇ ਕਾਰਜ, ਜਿਹਾ ਕਿ ਸਰਬਤ ਖਾਲਸਾ, ਦੀਵਾਨ, ਗੁਰਪੁਰਬ, ਮੇਲੇ-ਤਿਉਹਾਰ, ਸ਼ਹਾਦਤ ਦੇ ਦਿਨ... ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਵਿਚ ਹੈ| ਗੁਰਬਾਣੀ ਦੀ ਪ੍ਰੇਰਨਾ ਤੇ ਅਗਵਾਈ ਨਾਲ ਹੀ ਸਿਖ ਇਤਿਹਾਸ ਦਾ ਹਰ ਸ਼ਾਨਦਾਰ ਕਾਂਡ ਲਿਖਿਆ ਗਿਆ ਹੈ| ਅਨੇਕ ਕ੍ਰਾਂਤੀਆਂ ਤੇ ਲਹਿਰਾਂ ਪਿਛੇ 'ਜੂਝ ਮਰਨ ਦਾ ਚਾਓ' ਗੁਰਬਾਣੀ ਦੀ ਸਪਿਰਟ ਨੇ ਹੀ ਪੈਦਾ ਕੀਤਾ ਹੈ| ਕੁਲਮਿਲਾ ਕੇ ਗੁਰਬਾਣੀ ਇਕ ਸਿਖ ਦੇ ਜੀਵਨ ਦਾ ਜਾਤੀ-ਅਵਚੇਤਨ ਹੈ|
ਸਾਰ
ਉਪਰੋਕਤ ਤੋਂ ਇਹ ਤਥ ਫਿਰ ਦੁਹਰਾਇਆ ਜਾਂਦਾ ਹੈ ਕਿ ਗੁਰਬਾਣੀ ਦੇ ਸੰਪਾਦਨ ਦਾ ਕਾਰਜ 1601 ਈ. ਤੋਂ ਸ਼ੁਰੂ ਹੋ ਕੇ 1604 ਈ. ਤਕ ਤਿੰਨ ਸਾਲਾਂ ਵਿਚ ਸੰਪੂਰਨ ਹੋਇਆ| ਸੰਪਾਦਨ ਦਾ ਸਾਰਾ ਕਾਰਜ ਗੁਰੂ ਅਰਜਨ ਦੇਵ ਜੀ ਨੇ ਆਪਣੀ ਨਿਗਰਾਨੀ ਹੇਠ ਭਾਈ ਗੁਰਦਾਸ ਜੀ ਰਾਹੀਂ ਕਰਵਾਇਆ|ਸੰਪੂਰਨਤਾ ਉਪਰੰਤ 'ਆਦਿ ਬੀੜ' ਨੂੰ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰ ਦਿਤਾ ਗਿਆ| ਸਾਂਭ-ਸੰਭਾਲ ਦੀ ਪਹਿਲੀ ਮੁਖ ਸੇਵਾ ਬਾਬਾ ਬੁਢਾ ਜੀ ਨੂੰ ਸੌਂਪੀ ਗਈ| ਸਾਬ੍ਹੋ ਕੀ ਤਲਵੰਡੀ ਵਿਖੇ 1706 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆਦਿ ਬੀੜ ਵਿਚ, ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਸ਼ਾਮਿਲ ਕਰਵਾ ਕੇ ਸ੍ਰੀ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖਸ਼ੀ ਅਤੇ 6 ਅਕਤੂਬਰ 1708 ਈ. ਵਿਚ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਗੁਰੂ ਸੰਸਥਾ ਦੇ ਸਰੂਪ ਨੂੰ ਸੰਪੂਰਨ ਕਰ ਦਿਤਾ ਗਿਆ| ਗੁਰਬਾਣੀ ਮੁਖ ਰੂਪ ਵਿਚ ਅਧਿਆਤਮਕਤਾ ਦਾ ਅਨੁਭਵੀ ਕਾਵਿ ਹੈ, ਜਿਸ ਵਿਚ ਪਰਮਸਤਾ, ਸ੍ਰਿਸਟੀ, ਜੀਵ, ਨਾਮ, ਹੁਕਮ, ਮਨ, ਹਉਮੈ ਆਦਿ ਜਿਹੇ ਦੈਵੀ-ਸੰਕਲਪ ਵਿਆਪਕ ਰੂਪ ਵਿਚ ਵਿਦਮਾਨ ਹਨ| ਇਹ ਸਰਬ-ਸਾਂਝੀਵਾਲਤਾ ਦਾ ਸਬਦੁ ਹੈ| ਗੁਰਬਾਣੀ ਮਨੁਖ ਨੂੰ ਸੁਚਜਾ ਮਨੁਖ ਬਣਾਉਣ ਲਈ ਕਿਰਿਆਸ਼ੀਲ ਹੈ ਅਤੇ ਇਸ ਦਾ
ਉਦੇਸ਼ ਇਕ ਅਜ਼ਾਦ ਮਨੁਖ ਦੀ ਸਿਰਜਨਾ ਕਰਨਾ ਅਤੇ ਉਸ ਨੂੰ ਸਚੁ ਦਾ ਧਾਰਨੀ ਬਨਾਉਣਾ ਹੈ|
.